ਚੱਪੇ-ਚੱਪੇ ’ਤੇ ਪੁਲਿਸ ਤੈਨਾਤ, ਭਾਈ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੀ ਅਫ਼ਵਾਹ
ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵੀ ਸਿੱਖਾਂ ਨੂੰ ਹੁੰਮ-ਹੁੰਮਾ ਕੇ ਵਿਸਾਖੀ ਮੌਕੇ ਪੁੱਜਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਖ਼ਾਲਸਾ ਸਾਜ਼ਨਾ ਦਿਵਸ ਮੌਕੇ ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਉਪਰ ਵਿਸਾਖੀ ਮੇਲਾ ਅੱਜ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਹਾਲਾਂਕਿ ਬੀਤੇ ਕੱਲ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਇੱਥੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਪ੍ਰੰਤੂ ਪਿਛਲੇ ਸਾਲਾਂ ਦੇ ਮੁਕਾਬਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਉਠੇ ਵਿਵਾਦ ਦੇ ਚੱਲਦਿਆਂ ਸੰਗਤਾਂ ਦੀ ਆਮਦ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਜਦੋਂਕਿ ਤਖ਼ਤ ਸਾਹਿਬ ਅਤੇ ਕਸਬਾ ਤਲਵੰਡੀ ਸਾਬੋ ਵਿਚ ਪੁਲਿਸ ਮੁਲਾਜਮਾਂ ਦੀ ਗਿਣਤੀ ਅੱਜ ਸ਼ਰਧਾਲੂਆਂ ਤੋਂ ਵੀ ਵੱਧ ਦੇਖਣ ਨੂੰ ਮਿਲੀ। ਕਸਬੇ ਨੂੰ ਆਉਣ ਵਾਲੀ ਹਰ ਛੋਟੀ-ਵੱਡੀ ਸੜਕ ਉਪਰ ਬੈਰੀਗੇਡ ਲਗਾ ਕੇ ਪੁਲਿਸ ਤੈਨਾਤ ਕੀਤੀ ਹੋਈ ਹੈ। ਜੇਕਰ ਇਹ ਕਿਹਾ ਜਾਵੇ ਕਿ ਤਲਵੰਡੀ ਸਾਬੋ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ ਤਾਂ ਗਲਤ ਨਹੀਂ ਹੋਵੇਗਾ। ਵੱਡੀ ਗੱਲ ਇਹ ਵੀ ਸੀ ਕਿ ਤਿੰਨ ਦਿਨਾਂ ’ਚ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਵਲੋਂ ਅੱਜ ਦੂਜੀ ਵਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਹਾਲਾਂਕਿ ਇਸ ਵਾਰ ਵੱਡੀਆਂ ਸਿਆਸੀ ਧਿਰਾਂ ਵਲੋਂ ਇੱਥੇ ਕੋਈ ਸਿਆਸੀ ਕਾਨਫਰੰਸਾਂ ਨਹੀਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਸੱਤ ਜਿਲ੍ਹਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਮੁਲਾਜਮ ਪਿਛਲੇ ਕਈ ਦਿਨਾਂ ਤੋਂ ਤੈਨਾਤ ਕੀਤੇ ਹੋੲੈ ਹਨ। ਏਡੀਜੀਪੀ ਐਸਪੀਐਸ ਪਰਮਾਰ ਸਹਿਤ ਕਈ ਡੀਆਈਜੀ ਤੇ ਐਸਐਸਪੀਜ਼ ਇੱਥੇ ਡੇਰਾ ਲਗਾਈ ਬੈਠੇ ਹੋਏ ਹਨ। ਪੁਲਿਸ ਅਧਿਕਾਰੀਆਂ ਵਲੋਂ ਅਨਾਜ਼ ਮੰਡੀ ਵਿਚ ਅਪਣਾ ਹੈਡਕੁਆਟਰ ਬਣਾਇਆ ਹੋਇਆ ਹੈ। ਤਖ਼ਤ ਸਾਹਿਬ ਦੀ ਹਦੂਦ ਦੇ ਅੰਦਰ ਸੈਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਸਿਵਲ ਵਰਦੀ ਵਿਚ ਤੈਨਾਤ ਕੀਤੇ ਹੋਏ ਹਨ, ਜਿੰਨ੍ਹਾਂ ਵਿਚੋਂ ਜਿਆਦਾਤਰ ਦਾ ਪਹਰਾਵਾ ਕੁੜਤਾ-ਪਜ਼ਾਮਾ ਹੀ ਬਣਿਆ ਹੋਇਆ ਹੈ। ਚਰਚਾ ਮੁਤਾਬਕ ਅਜਿਹਾ ਸੁਰੱਖਿਆ ਬੰਦੋਬਸਤ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਵਿਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਉਪਰ ਆਤਮ ਸਮਰਪਣ ਕਰਨ ਦੀ ਸੰਭਾਵਨਾ ਨੂੰ ਲੈ ਕੇ ਕੀਤਾ ਹੋਇਆ ਹੈ। ਪੁਲਿਸ ਵਲੋਂ ਤਲਵੰਡੀ ਸਾਬੋ ਅੰਦਰ ਆਉਣ ਵਾਲੇ ਹਰ ਵਾਹਨ ਦੀ ਡੁੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਇੱਥੋਂ ਤੱਕ ਬੱਸਾਂ ਤੇ ਟਰੱਕਾਂ ਵਿਚ ਵੀ ਅੰਦਰ ਵੜ ਕੇ ਕੱਲੀ-ਕੱਲੀ ਸਵਾਰੀ ਤੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਡੀਜੀਪੀ ਗੌਰਵ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਹ ਸੁਰੱਖਿਆ ਬੰਦੋਬਸਤ ਧਾਰਮਿਕ ਮੇਲੇ ਦੇ ਕਰਕੇ ਕੀਤੇ ਗਏ ਹਨ। ਉਂਜ ਭਾਈ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੀ ਚੱਲ ਰਹੀ ਚਰਚਾ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਭਗੋੜੇ ਨੂੰ ਇੱਥੇ ਆਉਣ ’ਤੇ ਤੁਰੰਤ ਕਾਬੁੂ ਕਰ ਲਿਆ ਜਾਵੇਗਾ। ਉਧਰ ਪੰਜਾਬ ਵਿਚ ਬਣੇ ਹੋਏ ਖੌਫ਼ ਦੇ ਮਾਹੌਲ ਦੇ ਮੱਦੇਨਜ਼ਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਦੂਜੀ ਵਾਰ ਸਿੱਖ ਸੰਗਤਾਂ ਨੂੰ ਸੋਸਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਵਿਸਾਖੀ ਮੌਕੇ ਬੇਖੌਫ਼ ਹੋ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਥੇਦਾਰ ਦੀ ਅਪੀਲ ਤੋਂ ਬਾਅਦ ਭਲਕੇ ਵਿਸਾਖੀ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਇੱਥੇ ਨਤਮਸਤਕ ਹੋਣ ਪੁੱਜ ਸਕਦੀਆਂ ਹਨ। ਭਲਕੇ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅਖੰਠ ਪਾਠਾਂ ਦੇ ਭੋਗ ਵੀ ਪਾਏ ਜਾਣਗੇ। ਜਿਸਤੋਂ ਬਾਅਦ ਗਿਆਨੀ ਹਰਪ੍ਰਰੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਢਾਡੀ ਦੀਵਾਨ ਸਜਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਵੀ ਸ਼ੁਰੂ ਹੋਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਖੌਫ਼ ਦੇ ਇਸ ਬਣੇ ਮਾਹੌਲ ਵਿਚ ਸੰਗਤਾਂ ਕਿੰਨੀ ਵੱਡੀ ਗਿਣਤੀ ਵਿਚ ਇੱਥੇ ਪੁੱਜਦੀਆਂ ਹਨ ਤੇ ਕੀ ਭਾਈ ਅੰਮ੍ਰਿਤਪਾਲ ਸਿੰਘ ਖੁਦ ਨੂੰ ਇੱਥੇ ਪੁੱਜ ਕੇ ਪੁਲਿਸ ਸਾਹਮਣੇ ਪੇਸ਼ ਕਰਦਾ ਹੈ ਜਾਂ ਨਹੀਂ ।
Share the post "ਵਿਸਾਖੀ ਮੇਲਾ ਸੁਰੂ: ਡੀਜੀਪੀ ਗੌਰਵ ਯਾਦਵ ਨੇ ਤਿੰਨ ਦਿਨਾਂ ‘ਚ ਦੂਜੀ ਵਾਰ ਤਖ਼ਤ ਸਾਹਿਬ ਦਾ ਦੌਰਾ ਕੀਤਾ"