ਗਾਇਕ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੇ ਪ੍ਰਡਿਊਸਰ ਨਿਸ਼ਾਨ ਨੂੰ ਇਸੇ ਹਫ਼ਤੇ ਸੱਦਿਆ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬ 6 ਮਹੀਨੇ ਪਹਿਲਾਂ ਹੋਏ ਕਤਲ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ ਮਹਰੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਕੋਲੋ ਪੁਛਗਿਛ ਕੀਤੀ ਹੈ। ਇਸ ਕਤਲ ਕਾਂਡ ਲਈ ਬਣਾਈ ਵਿਸੇਸ ਜਾਂਚ ਟੀਮ ਵਲੋਂ ਉਸਨੂੰ ਪਿਛਲੇ ਹਫ਼ਤੇ ਬੁਲਾਇਆ ਸੀ ਤੇ ਇਸਦੀ ਭਿਣਕ ਹੁਣ ਬਾਹਰ ਨਿਕਲੀ ਹੈ। ਇਸਦੇ ਨਾਲ ਹੀ ਇਸ ਮਾਮਲੇ ਵਿਚ ਪ੍ਰਸਿੱਧ ਗਾਇਕ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੇ ਪ੍ਰਡਿਊਸਰ ਨਿਸ਼ਾਨ ਨੂੰ ਵੀ ਇਸ ਹਫ਼ਤੇ ਪੁਛਗਿਛ ਲਈ ਸੱਦਿਆ ਗਿਆ ਹੈ। ਹਾਲਾਂਕਿ ਪੁਲਿਸ ਵਿਭਾਗ ਦੇ ਕਿਸੇ ਉਚ ਅਧਿਕਾਰੀ ਨੇ ਅਜੈਪਾਲ ਮਿੱਡੂਖੇੜਾ ਕੋਲੋ ਪੁਛਗਿਛ ਕਰਨ ਸਬੰਧੀ ਕੁੱਝ ਵੀ ਦਸਣ ਤੋਂ ਇੰਨਕਾਰ ਕਰ ਦਿੱਤਾ ਪ੍ਰੰਤੂ ਸੂਤਰਾਂ ਮੁਤਾਬਕ ਅਜੈਪਾਲ ਨੂੰ ਪਿਛਲੇ ਹਫ਼ਤੇ ਬੁਲਾਇਆ ਗਿਆ ਸੀ ਅਤੇ ਉਸਦੇ ਅਤੇ ਉਸਦੇ ਮਹਰੂਮ ਭਰਾ ਦੇ ਬਿਸਨੋਈ ਕੁਨੈਕਸ਼ਨ ਬਾਰੇ ਪੁਛਿਆ ਗਿਆ ਹੈ। ਜਿਕਰਯੋਗ ਹੈ ਕਿ ਬੰਬੀਹਾ ਗਰੁੱਪ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦਾ ਲਾਰੈਂਸ ਬਿਸਨੋਈ ਨਾਲ ਕਾਲਜ਼ ਦੇ ਸਮੇਂ ਤੋਂ ਹੀ ਨੇੜਤਾ ਸੀ। ਬੰਬੀਹਾ ਅਤੇ ਬਿਸਨੋਈ ਗਰੁੱਪ ਦੀ ਆਪਸੀ ਖ਼ਹਿਬਾਜ਼ੀ ਦੇ ਚੱਲਦੇ ਮਿੱਡੁੂਖੇੜਾ ਦਾ ਕਤਲ ਹੋਇਆ ਦਸਿਆ ਜਾ ਰਿਹਾ। ਸੂਤਰਾਂ ਮੁਤਾਬਕ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੀ ਸਿੱਧੂ ਮੂਸੇਵਾਲਾ ਦੇ ਜਿਉਂਦੇ ਜੀਅ ਉਸ ਨਾਲ ਟਸਲ-ਬਾਜ਼ੀ ਚੱਲਦੀ ਰਹੀ ਹੈ। ਇਸਦੇ ਇਲਾਵਾ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੁਲਿਸ ਕੋਲੋਂ ਉਸਦੇ ਪੁੱਤ ਦੇ ਕਤਲ ਕਾਂਡ ’ਚ ਸੰਗੀਤ ਜਗਤ ਦੇ ਕੁਨੈਕਸ਼ਨ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਪਤਾ ਲੱਗਿਆ ਹੈ ਕਿ ਆਉਣ ਵਾਲੇ ਦੋ ਦਿਨਾਂ ਬਾਅਦ ਉਕਤ ਗਾਇਕਾਂ ਨੂੰ ਮਾਨਸਾ ਵਿਖੇ ਸੀਆਈਏ ਸਟਾਫ਼ ’ਚ ਸਿਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਚਰਚਾ ਮੁਤਾਬਕ ਪੁਲਿਸ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ ਕਿ ਪੰਜਾਬੀ ਗਾਇਕੀ ਦੇ ਖੇਤਰ ’ਚ ਗੈਂਗਸਟਰਾਂ ਦੀ ਵੱਡੇ ਪੱਧਰ ’ਤੇ ਘੁਸਪੈਠ ਹੋ ਚੁੱਕੀ ਹੈ ਤੇ ਬਹੁਤ ਸਾਰੇ ਗਾਇਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਇੰਨ੍ਹਾਂ ਗੈਂਗਸਟਰਾਂ ਦੇ ਪ੍ਰਭਾਵ ਥੱਲੇ ਹਨ ਤੇ ਕਈ ਇੱਕ ਤਾਂ ਚੁੱਪ ਚਪੀਤੇ ਉਨ੍ਹਾਂ ਨੂੰ ‘ਪੈਸੇ’ ਵੀ ਦਿੰਦੇ ਹਨ।
Share the post "ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਿਟ ਨੇ ਕੀਤੀ ਵਿੱਕੀ ਮਿੱਡੂਖੇੜਾ ਦੇ ਭਰਾ ਕੋਲੋ ਪੁਛਗਿਛ"