ਅਮਿਤ ਸਾਹ ਸਹਿਤ ਲੋਕ ਸਭਾ ਦੇ ਸਪੀਕਰ ਤੇ ਵੱਡੀ ਗਿਣਤੀ ਵਿਚ ਸਿਆਸੀ ਆਗੂਆਂ ਨੇ ਮਹਰੂਮ ਆਗੂ ਨੂੰ ਕੀਤਾ ਯਾਦ
ਸੁਖਜਿੰਦਰ ਮਾਨ
ਬਾਦਲ, 4 ਮਈ : ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਹੋਇਆ। ਜਿੱਥੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਸਹਿਤ ਵੱਡੀ ਗਿਣਤੀ ਵਿਚ ਸਿਆਸੀ ਆਗੂਆਂ, ਧਾਰਮਿਕ ਸਖਸੀਅਤਾਂ ਸਹਿਤ ਲੋਕਾਂ ਨੇ ਸ: ਬਾਦਲ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਪੰਡਾਲ ਦੇ ਵਿਚ ਬਾਦਲ ਪ੍ਰਵਾਰ ਸਹਿਤ ਵੀਵੀਆਈਪੀ ਅਤੇ ਵੀਆਈਪੀ ਨੂੰ ਬਿਠਾਉਣ ਲਈ ਅਲੱਗ ਬਲਾਕ ਬਣਾਏ ਹੋਏ ਸਨ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਜੱਦੀ ਘਰ ਵਿਚ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿੱਥੇ ਬਾਦਲ ਪ੍ਰਵਾਰ ਤੋਂ ਇਲਾਵਾ ਨਜਦੀਕੀ ਸ਼ਾਮਲ ਹੋਏ। ਇਸਤੋਂ ਬਾਅਦ ਮੁੱਖ ਪੰਡਾਲ ’ਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਪ੍ਰਕਾਸ ਸਿੰਘ ਬਾਦਲ ਨੂੰ ਸੱਚਾ ਦੇਸ ਭਗਤ ਦਸਿਆ, ਉਥੇ ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਲੰਮੇ ਸਿਆਸੀ ਜੀਵਨ ਦੀਆਂ ਯਾਦਾਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ। ਇਸ ਦੌਰਾਨ ਪ੍ਰਵਾਰ ਵਲੋਂ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਪ੍ਰਵਾਰ ਵਲੋਂ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਮੰਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ: ਬਾਦਲ ਨੂੰ ਕੌਮੀ ਆਗੂ ਕਰਾਰ ਦਿੰਦਿਆਂ ਸੱਚਾ ਦੇਸ ਭਗਤ ਦਸਦਿਆਂ ਕਿਹਾ ਕਿ ਜਦ ਵੀ ਦੇਸ ਉਪਰ ਕੋਈ ਭੀੜ ਆਈ ਤਾਂ ਉਹ ਹਮੇਸ਼ਾ ਉਸਦੇ ਵਿਰੁਧ ਖੜ੍ਹੇ ਹੋਏ। ਇਸਤੋਂ ਇਲਾਵਾ ਮਹਰੂਮ ਆਗੂ ਨੂੰ ਕਿਸਾਨਾਂ ਦਾ ਮਸੀਹਾ ਤੇ ਸਿੱਖ ਪੰਥ ਦਾ ਹਮਦਰਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਵਿਚ ਨਵੇਂ ਦਿੱਸਹਿੱਦੇ ਕਾਇਮ ਕੀਤੇ, ਜਿੰਨ੍ਹਾਂ ਦੇ ਜਾਣ ਨਾਲ ਇੱਕ ਸਿਆਸਤ ਵਿਚ ਇੱਕ ਖਲਾਅ ਪੈਦਾ ਹੋ ਗਿਆ ਹੈ, ਜਿਸਨੂੰ ਪੂਰਾ ਕਰਨ ਲਈ ਕਾਫ਼ੀ ਸਮਾਂ ਲੱਗਣਾ ਹੈ। ਮਹਰੂਮ ਆਗੂ ਨੂੰ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਮੁਦਈ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸ: ਬਾਦਲ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਇਸਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਮਹਰੂਮ ਆਗੂ ਨੂੰ ਸ਼ਰਧਾ ਦੇ ਫੁੱਲ ਭਂੇਟ ਕਰਦਿਆਂ ਕਿਹਾ ਕਿ ਉਹ ਅਜਿਹੇ ਆਗੂ ਸਨ, ਜਿਨ੍ਹਾਂ ਨੇ ਸਿਆਸਤ ਪੋੜੀ ਦੇ ਸਭ ਤੋਂ ਹੇਠਲੇ ਡੰਡੇ ਭਾਵ ਸਰਪੰਚੀ ਤੋਂ ਸ਼ੁਰੂ ਕੀਤੀ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਸ਼੍ਰੀ ਬਿਰਲਾ ਮੁਤਾਬਕ ਦੇਸ ਤੇ ਪੰਜਾਬ ਦੇ ਲਈ ਉਨ੍ਹਾਂ ਹਮੇਸ਼ਾ ਸੰਘਰਸ਼ ਕੀਤਾ ਤੇ ਜਿਸਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਜੇਲ੍ਹਾਂ ਵਿਚ ਵੀ ਬੰਦ ਰਹਿਣਾ ਪਿਆ। ਇਸ ਦੌਰਾਨ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਪ੍ਰਕਾਸ ਸਿੰਘ ਬਾਦਲ ਨੂੰ ਇੱਕ ਵਿਸਾਲ ਸਖ਼ਸੀਅਤ ਵਾਲਾ ਮਨੁੱਖ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਤੋਂ ਹਰ ਇੱਕ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਸ਼੍ਰੀ ਪਾਇਲਟ ਨੇ ਕਿਹਾ ਕਿ ਕਿਸੇ ਵੀ ਬੰਦੇ ਦੀ ਅਸਲ ਕਮਾਈ ਉਸ ਦੇ ਜਾਣ ਤੋਂ ਬਾਅਦ ਪਤਾ ਲੱਗ ਜਾਂਦੀ ਹੈ। ਇਸਤੋਂ ਇਲਾਵਾ ਬਾਦਲ ਪ੍ਰਵਾਰ ਦੇ ਨਿੱਜੀ ਦੋਸਤ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੋਟਾਲਾ ਨੇ ਉਨ੍ਹਾਂ ਨਾਲ ਬੀਤੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਖੂੁਬੀਆਂ ਨੂੰ ਉਜਾਗਰ ਕੀਤਾ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਕਾਸ ਸਿੰਘ ਬਾਦਲ ਨੂੰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੜਨ ਵਾਲੇ ਆਗੂ ਕਰਾਰ ਦਿੰਦਿਆਂ ਕਿਹਾ ਕਿ ਦੋ ਸਦੀਆਂ ਦੇ ਮਹਾਨ ਆਗੂ ਦਾ ਸਦੀਵੀਂ ਵਿਛੋੜਾ ਪੂਰੇ ਪੰਜਾਬ ਲਈ ਵੱਡਾ ਘਾਟਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ ਸਿੰਘ ਬਾਦਲ ਨੂੰ ਇੱਕ ਬਹੁ ਸਖਸੀਅਤ ਦਾ ਮਾਲਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਗੁਣਾਂ ਨੂੰ ਸੁਖਬੀਰ ਸਿੰਘ ਬਾਦਲ ਧਾਰਨ ਕਰਕੇ ਪੰਥ ਦੀ ਸੇਵਾ ਕਰਨ। ਇਸ ਮੌਕੇ ਸੀਪੀਆਈ ਦੇ ਆਗੂ ਕਾਮਰੇਡ ਹਰਦੇਵ ਅਰਸੀ ਤੇ ਸੁਖਵਿੰਦਰ ਸਿੰਘ ਸੇਖੋ ਸਹਿਤ ਦਰਜਨਾਂ ਆਗੂਆਂ ਨੇ ਸਰਧਾ ਦੇ ਫੁੱਲ ਭੇਂਟ ਕੀਤੇ। ਇਸਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਿੱਥੇ ਅਮਿਤ ਸਾਹ ਸਾਹਮਣੇ ਪ੍ਰਕਾਸ ਸਿੰਘ ਬਾਦਲ ਵਲੋਂ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕੁਰਬਾਨੀ ਦਾ ਜਿਕਰ ਕੀਤਾ, ਉਥੇ ਅਕਾਲੀ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਦਾਸ ਤੇ ਪਾਸ ਦੀ ਜੋੜੀ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮੁੜ ਇਕੱਠੇ ਹੋਣ ਦਾ ਸੱਦਾ ਦਿੱਤਾ। ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਭਾਸਣ ਵਿਚ ਅਪਣੇ ਤਾਏ ਪ੍ਰਕਾਸ ਸਿੰਘ ਬਾਦਲ ਨੂੰ ਆਧੁਨਿਕ ਪੰਜਾਬ ਦਾ ਨਿਰਮਾਤਾ ਦਸਦਿਆਂ ਅਪਣੇ ਪਿਤਾ ਨਾਲ ‘ਸਨੇਹ’ ਦੀ ਚਰਚਾ ਕੀਤੀ। ਜਦੋਂਕਿ ਸੁਖਬੀਰ ਸਿੰਘ ਬਾਦਲ ਨੇ ਅਪਣੇ ਸੰਖੇਪ ਭਾਸਣ ਵਿਚ ਦੂਰ-ਦੁਰਾਡੇ ਤੋਂ ਪੁੱਜੀਆਂ ਸਖਸੀਅਤਾਂ ਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਅਪਣੇ ਪਿਤਾ ਦੇ ਗੁਣਾ ਦੀ ਚਰਚਾ ਕਰਦਿਆਂ ਪ੍ਰਵਾਰ ਵਲੋਂ ਪਿਛਲੇ ਸਮੇਂ ਦੌਰਾਨ ਜਾਣੇ ਤੇ ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਮੰਗੀ।
Share the post "ਵੱਡੀ ਤਾਦਾਦ ’ਚ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕੀਤੀ ਸ਼ਰਧਾਂਜਲੀ"