ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਗਸਤ: ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵੱਲੋਂ ਵਿਕਸਤ ਕਰਨ ਲਈ ਤੇ ਇਸ ਦੇ ਇੱਕ ਹਿੱਸੇ ਤੇ ਸ਼ਹਿਰ ਦੇ ਕੁਝ ਰਸੂਖਵਾਨ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਅੱਜ ਇੱਥੋਂ ਦੇ ਵਾਸਿੰਦਿਆਂ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਕਮਿਸ਼ਨਰ ਸੀ੍ਮਤੀ ਪਲਵੀ ਵੀ ਮੌਜੂਦ ਸਨ। ਪਾਰਕ ਸੰਭਾਲ ਕਮੇਟੀ ਅਤੇ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਨਾਗਰਿਕ ਚੇਤਨਾ ਮੰਚ ਰਜਿਸਟਰਡ ਵੱਲੋਂ 1999 ਤੋਂ ਕੀਤੀ ਕਈ ਸਾਲਾਂ ਦੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਇਹ ਪਾਰਕ ਲੋਕਾਂ ਵੱਲੋਂ ਬਣਵਾਇਆ ਗਿਆ। ਨਗਰ ਨਿਗਮ ਬਠਿੰਡਾ ਨੇ ਇਸ ਦੀ ਚਾਰਦੀਵਾਰੀ ਕਰਵਾ ਕੇ ਇਸ ਅੰਦਰ ਟਰੈਕ ਵੀ ਬਣਵਾਇਆ। ਸ਼ਹਿਰ ਦੀ ਟੀ ਪੀ ਸਕੀਮ ਤਿੰਨ ਪਾਰਟ ਦੇ ਨਕਸ਼ੇ ਵਿਚ ਵਿੱਚ ਇਹ ਸਾਰਾ ਹੀ ਪਾਰਕ ਦਿਖਾਇਆ ਗਿਆ ਹੈ। ਪਰ ਇਸ ਵਿੱਚੋਂ 490 ਗਜ਼ ਜਗ੍ਹਾ ਅਜਿਹੀ ਹੈ ਜਿਸ ‘ਤੇ ਸ਼ਹਿਰ ਦੇ ਕੁਝ “ਰਸੂਖ਼ਵਾਨ“ ਲੋਕਾਂ ਨੇ ਜਿਲ੍ਹਾ ਅਦਾਲਤਾਂ ਵਿੱਚ ਗਲਤ ਬਿਆਨੀ ਕਰਕੇ ਪੂਰੇ ਪਾਰਕ ਦੇ ਵਿਕਾਸ ਵਿੱਚ ਰੋੜਾ ਅਟਕਾਇਆ ਹੋਇਆ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਵੀ ਇਸ 490 ਗਜ ਜਗ੍ਹਾ ਦੇ ਅੰਦਰਲੇ ਪਾਸੇ ਪਹਿਲਾਂ ਛੋਟੀ ਕੰਧ ਕਰਾਈ ਸੀ ਤੇ ਹੁਣ ਉਸ ਨੂੰ ਢਾਹ ਕੇ ਪੰਜ ਫੁੱਟ ਤੋਂ ਵੀ ਉੱਪਰ ਗਰਿੱਲਾਂ ਲਾ ਕੇ ਕੰਧ ਉਸਾਰੀ ਗਈ ਹੈ,ਜਦ ਕਿ ਬਾਕੀ ਦੇ ਪਾਰਕ ਦੀਆਂ ਸਾਈਡਾਂ ਦੀ ਦੀਵਾਰ ਸਿਰਫ ਦੋ ਕੁ ਫੁੱਟ ਉਚੀ ਹੀ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਸ਼ਹਿਰਾਂ ਅੰਦਰ ਸਰਕਾਰੀ ਥਾਵਾਂ ਤੇ ਕੀਤੇ ਜਾ ਰਹੇ ਨਾਜਾਇਜ ਕਬਜਿਆਂ ਨੂੰ ਠੱਲ੍ਹ ਪਾਉਣ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਪਰ ਦੂਜੇ ਪਾਸੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਸੈਰ ਵਾਲੇ ਪਾਰਕ ਦੀ ਜਗ੍ਹਾ ਤੇ ਨਜਾਇਜ ਕਬਜ਼ੇ ਨੂੰ ਹਟਾ ਕਿਉਂ ਨਹੀਂ ਰਹੀ ? ਪਾਰਕ ਸੰਭਾਲ ਕਮੇਟੀ ਦੇ ਅਹੁਦੇਦਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਨਗਰ ਨਿਗਮ ਅੰਦਰਲੇ ਕੁੱਝ ਅਧਿਕਾਰੀ ਹੀ ਅਸਰ ਰਸੂਖ ਵਾਲੇ ਲੋਕਾਂ ਨਾਲ ਮਿਲਕੇ ਪਾਰਕ ਤੇ ਨਜਾਇਜ ਕਬਜ਼ਾ ਬਣਾਈ ਰੱਖ ਰਹੇ ਹਨ। ਇਸ ਸਬੰਧੀ ਵਾਰਡ ਦੇ ਲੋਕ ਕਈ ਵਾਰ ਸਥਾਨਕ ਐਮਐਲਏ ਵਕੀਲ ਜਗਰੂਪ ਸਿੰਘ ਗਿੱਲ ਨੂੰ ਮਿਲ ਚੁੱਕੇ ਹਨ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬਾਂ ਨੂੰ ਵੀ ਸਾਰੀ ਕਹਾਣੀ ਦੱਸੀ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਹੁਣ ਲੋਕ ਮੰਗ ਕਰ ਰਹੇ ਹਨ ਕਿ ਨਾਜਾਇਜ਼ ਕਬਜ਼ੇ ਹਟਾ ਕੇ ਪੂਰਾ ਪਾਰਕ ਵਿਕਸਤ ਕੀਤਾ ਜਾਵੇ ਅਤੇ ਪਾਰਕ ਦੇ ਵਿਕਾਸ ਵਿੱਚ ਅੜਿੱਕਾ ਬਣਨ ਵਾਲੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ। ਇਸ ਮੌਕੇ ਡਾ ਅਜੀਤਪਾਲ ਸਿੰਘ, ਸ: ਬੂਟਾ ਸਿੰਘ ਅਤੇ ਇਲਾਕੇ ਦਰਜ਼ਨਾਂ ਮੋਹਤਬਰ ਵਿਅਕਤੀ ਹਾਜ਼ਰ ਸਨ।
Share the post "ਸ਼ਹਿਰ ਦੇ ਪਾਰਕ ਨੰਬਰ-39 ਤੋਂ ਨਜਾਇਜ ਕਬਜਾ ਹਟਾਉਣ ਲਈ ਮੰਤਰੀ ਨੂੰ ਦਿੱਤਾ ਮੰਗ ਪੱਤਰ"