ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਜਨਮ ਦਿਹਾੜੇ ਮੌਕੇ ਘਰਾਂ ਚ ਰਾਸ਼ਟਰੀ ਤਿਰੰਗਾ ਲਹਿਰਾਉਣ ਤੇ ਮੋਮਬੱਤੀਆਂ ਜਲਾਉਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 26 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਵਿਖੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਚੱਲ ਰਹੀਆਂ ਅਗਾਊਂ ਤਿਆਰੀਆਂ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਆਰੀਆ ਸਮਾਜ ਚੌਂਕ ਅਤੇ ਸ਼ੈਲਫ਼ੀ ਚੌਂਕ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਵੇਰ ਦੇ ਸਮੇਂ ਇੱਕ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਿਨ ਕੀਤਾ ਜਾਵੇਗਾ। ਇਹ ਸਾਈਕਲ ਰੈਲੀ ਸਥਾਨਕ ਰਾਜਿੰਦਰਾ ਕਾਲਜ ਤੋਂ ਸ਼ੁਰੂ ਹੋ ਕੇ 100ਫੁੱਟੀ ਰੋਡ, ਪਾਵਰ ਹਾਊਸ ਰੋਡ, ਫ਼ੌਜੀ ਚੌਂਕ, ਹਨੂੰਮਾਨ ਚੌਂਕ ਤੋਂ ਹੁੰਦੀ ਹੋਈ ਰੋਜ਼ ਗਾਰਡਨ ਵਿਖੇ ਸਮਾਪਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਮ ਦਿਹਾੜੇ ਮੌਕੇ ਸ਼ਾਮ ਨੂੰ ਸ਼ੈਲਫ਼ੀ ਚੌਂਕ ਤੋਂ ਕੈਂਡਲ ਮਾਰਚ ਕੱਢਿਆ ਜਾਵੇਗਾ ਜੋ ਗੋਲਡਿੱਗੀ ਤੋਂ ਹੁੰਦਾ ਹੋਇਆ ਆਰੀਆ ਸਮਾਜ ਚੌਂਕ ਵਿਖੇ ਸਥਾਪਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਮਾਰਕ ਵਿਖੇ ਜਾ ਕੇ ਸਮਾਪਤ ਹੋਵੇਗਾ। ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ ਸਮੂਹ ਵਿਧਾਇਕਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਬਠਿੰਡਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਆਪੋ-ਆਪਣੇ ਘਰਾਂ ਮੂਹਰੇ ਮੋਮਬੱਤੀਆਂ ਜਲਾਉਣ ਅਤੇ ਰਾਸ਼ਟਰੀ ਤਿਰੰਗਾ ਲਹਿਰਾਕੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਚੌਂਕ, ਕਿਲ੍ਹਾ ਮੁਬਾਰਕ, ਫੌਜੀ ਚੌਂਕ, ਘਨੱਈਆ ਚੌਂਕ, ਡੌਲਫ਼ਿਨ ਚੌਂਕ ਦੀ ਲਾਈਟਾਂ ਨਾਲ ਸਜਾਵਟ ਕੀਤੀ ਜਾਵੇਗੀ।
Share the post "ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਤੇ ਕੈਂਡਲ ਮਾਰਚ ਦਾ ਹੋਵੇਗਾ ਆਯੋਜਿਨ : ਡਿਪਟੀ ਕਮਿਸ਼ਨਰ"