ਬੋਰਡ ਤੇ ਸਕੂਲ ਦੀਆਂ ਜਮਾਤਾਂ ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਦੋ ਐਮਰਜੈਂਸੀ ਰਿਸਪੌਸ ਵਹੀਕਲ ਨੂੰ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਜ਼ਿੰਦਗੀ ਵਿੱਚ ਸੰਘਰਸ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤਦ ਹੀ ਅਸੀਂ ਜਿੰਦਗੀ ਵਿੱਚ ਆਪਣੇ ਮਿਥੇ ਟੀਚੇ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਗਰੁੱਪ ਤੇ ਕਲਾਸ ਕੈਪਟਨਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਤੇ ਸਕੂਲ ਦੀਆਂ ਬੋਰਡ ਅਤੇ ਦੂਸਰੀਆਂ ਜਮਾਤਾਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਚੰਗੇ ਕੈਰੀਅਰ ਦੀ ਚੋਣ ਸੋਚ ਸਮਝ ਕੇ ਕੀਤੀ ਜਾਵੇ। ਉਨ੍ਹਾਂ ਜੋ ਵੀ ਕਰਨਾ ਹੈ ਸੱਚੇ ਮਨ ਨਾਲ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕੀਤਾ ਜਾਵੇ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਨੇ ਵਿਦਿਆਰਥੀਆਂ ਨਾਲ ਆਪਣੀ ਜਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਦ੍ਰਿੜ ਨਿਸ਼ਚੇ ਨਾਲ ਸਾਹਮਣਾ ਕਰਦਿਆਂ ਸਖ਼ਤ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਪੁਲਿਸ ਪਬਲਿਕ ਸਕੂਲ ਦੇ ਬੋਰਡ ਤੇ ਵੱਖ-ਵੱਖ ਕਲਾਸਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਆਏ ਸਕੂਲੀ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਅੱਗੇ ਹੋਰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਸ. ਗੁਲਨੀਤ ਸਿੰਘ ਖੁਰਾਣਾ ਵਲੋਂ ਸਕੂਲ ਕੰਪਲੈਕਸ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਆਧੁਨਿਕ ਤਕਨੀਕ ਨਾਲ ਲੈਸ ਦੋ ਐਮਰਜੈਂਸੀ ਰਿਸਪੌਸ ਵਹੀਕਲਾਂ ਨੂੰ ਵੀ ਰਵਾਨਾ ਕੀਤਾ।ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਵਲੋਂ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਉਨ੍ਹਾਂ ਪੜ੍ਹਾਈ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਜਿੰਨਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਚੰਗੇ ਨੰਬਰਾਂ ਨਾਲ ਨਾਮਣਾ ਖੱਟਿਆ ਹੈ। ਸਮਾਗਮ ਮੌਕੇ ਡੀਐਸਪੀ ਐਚ ਗੁਰਦੀਪ ਸਿੰਘ ਸੈਣੀ ਤੋਂ ਇਲਾਵਾ ਸਕੂਲੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਗਈ।
Share the post "ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਕੀਤਾ ਜਾ ਸਕਦਾ ਹਾਸਿਲ : ਗੁਲਨੀਤ ਸਿੰਘ ਖੁਰਾਣਾ"