ਮਨੀਪੁਰ ਘਟਨਾ ਦੇਸ਼ ਦੇ ਮੱਥੇ ’ਤੇ ਕਲੰਕ : ਸਪੀਕਰ ਕੁਲਤਾਰ ਸਿੰਘ ਸੰਧਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਫਰੀਦਕੋਟ, 21 ਜੁਲਾਈ:- ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਇਸ ਮੁਸੀਬਤ ਦੀ ਘੜੀ ’ਚ ਪੰਜਾਬ ਦੇ ਹੜ ਪੀੜਤਾਂ ਦੀ ਮੱਦਦ ’ਚ ਲੱਗੀਆਂ ਸਾਰੀਆਂ ਹੀ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਜੋ ਕਿ ਮੁਸ਼ਕਲ ਦੀ ਘੜੀ ’ਚ ਹਰ ਸੰਭਵ ਮੱਦਦ ਕਰ ਰਹੀਆਂ ਹਨ ਤਾਂ ਜੋ ਉਨਾਂ ਦੀ ਜਿੰਦਗੀ ਮੁੜ ਲੀਹ ਤੇ ਆ ਜਾਵੇ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲੇ ਦੇ ਸਰਹੱਦੀ ਪਿੰਡ ਟੇਂਡੀਵਾਲਾ ਵਿਖੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ, ਭਾਈ ਕਨਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਮਿਸਲ ਸਤਲੁਜ ਦੇ ਸਹਿਯੋਗ ਨਾਲ ਪਸ਼ੂਆਂ ਲਈ ਫੀਡ ਅਤੇ ਲੋਕਾਂ ਲਈ ਹੋਰ ਜ਼ਰੂਰੀ ਸਮਾਨ ਦੀ ਵੰਡ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਚੇਅਰਮੈਨ ਪਲਾਨਿੰਗ ਬੋਰਡ ਚੰਦ ਸਿੰਘ ਗਿੱਲ ਅਤੇ ਨਿਸਕਾਮ ਸਿੱਖ ਸੇਵਾ ਸੁਸਾਇਟੀ ਦਿੱਲੀ ਤੋਂ ਨਰਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ 20 ਤੋਂ 25 ਲੱਖ ਰੁਪਏ ਤੱਕ ਦੀ ਸੇਵਾ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਕੀਤੀ ਜਾਵੇਗੀ, ਜਿਸ ਤਹਿਤ ਦਵਾਈਆਂ, ਤਰਪਾਲਾਂ, ਪਸ਼ੂਆ ਦਾ ਚਾਰਾ, ਰਾਸ਼ਨ ਜਾਂ ਹੋਰ ਲੋੜੀਂਦਾ ਸਮਾਨ ਹੜ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਜਾਵੇਗਾ। ਜਿਸ ਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਪਹੁੰਚ ਕੇ ਕੀਤੀ ਗਈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਹੜਾਂ ਅਤੇ ਭਾਰੀ ਮੀਂਹ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਸਥਿੱਤੀ ਦਾ ਜਾਇਜਾ ਲੈ ਰਹੇ ਹਨ ਅਤੇ ਮੌਕੇ ’ਤੇ ਲੋਕਾਂ ਦੀ ਮੱਦਦ ਵੀ ਕੀਤੀ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਹੈਲੀਕਾਪਟਰ ’ਤੇ ਹੀ ਗੇੜਾ ਦੇ ਕੇ ਮੁੜ ਜਾਂਦੇ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿੱਤੇ ਵੀ ਹੜਾਂ ਨਾਲ ਨੁਕਸਾਨ ਹੋਇਆ ਹੈ। ਉਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਗਿਰਦਵਰੀ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਜੋ ਨੁਕਸਾਨ ਦਾ ਮੁਆਵਜਾ ਤੁਰਤ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਹੜਾਂ ਦੇ ਪਾਣੀ ਹੋਣ ਬਾਅਦ ਕੁੱਝ ਬੀਮਾਰੀਆਂ ਆਦਿ ਪੈਦਾ ਹੋਣ ਦਾ ਖਦਸ਼ਾ ਹੁੰਦਾ ਹੈ, ਜਿਸ ਕਰਕੇ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ। ਇਸ ਤੋਂ ਇਲਾਵਾ ਜੋ ਬੰਨ ਟੁੱਟੇ ਹਨ ਜਾਂ ਕੱਚੇ ਹਨ, ਉਨਾਂ ਨੂੰ ਤਿਆਰ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ’ਚ ਜੇਕਰ ਫਿਰ ਕਿੱਤੇ ਹੜ ਵਾਲੀ ਸਥਿੱਤੀ ਆਉਂਦੀ ਹੈ ਤਾਂ ਉਸ ਕਾਰਨ ਹੋਨ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਇਨਾਂ ਕੰਮਾਂ ਵੱਲ ਬਿਲਕੁਲ ਧਿਆਨ ਨਹੀ ਦਿੱਤਾ ਗਿਆ ਪਰ ਹੁਣ ਇਹੋ ਜਿਹਾ ਕੁੱਝ ਨਹੀਂ ਹੋਵੇਗਾ। ਇਸ ਦੌਰਾਨ ਉਨਾਂ ਮਨੀਪੁਰ ਵਿਖੇ ਹੋਈ ਘਟਨਾ ਦੀ ਸੱਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਤੇ ਹੌਲਨਾਕ ਹਾਦਸਾ ਹੈ ਜਿਹੜੀ ਮਨੁੱਖਤਾ ਦੇ ਖਿਲਾਫ਼ ਹੈ। ਉਨਾਂ ਕਿਹਾ ਕਿ ਇਹ ਇਕ ਰਾਕਸ਼ਸੀ ਕਾਰਾ ਹੈ। ਉਨਾਂ ਕਿਹਾ ਕਿ ਇਹ ਦੇਸ਼ ਲਈ ਇਕ ਵੱਡਾ ਕਲੰਕ ਹੈ। ਉਨਾਂ ਦੌਸ਼ੀਆਂ ਨੂੰ ਸਖਤ ਤੇ ਮਿਸਾਲੀ ਸਜਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਅਜਿਹਾ ਕਾਰਾ ਕਰਨ ਦੀ ਸੋਚ ਵੀ ਨਾ ਸਕੇ ਅਤੇ ਅਜਿਹੀ ਅਰਾਜਕਤਾ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨਾਂ ਕੇਂਦਰ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਇਸ ਮਾਮਲੇ ’ਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਗੰਦੀ ਰਾਜਨੀਤੀ ਕਰ ਰਿਹਾ ਹੈ ਅਜਿਹਾ ਕਰਨ ਨਾਲ ਦੇਸ਼ ਆਂਤਰਿਕ ਪੱਖੋਂ ਕਮਜ਼ੋਰ ਹੁੰਦਾ ਹੈ ਜਦੋਂ ਕਿ ਦੇਸ਼ ਨੂੰ ਆਪਸ ਵਿੱਚ ਜੋੜ ਕੇ ਮਜ਼ਬੂਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜੇ ਸੰਭਾਲਣਾ ਚਾਹੁੰਦੇ ਤਾਂ ਕੁਝ ਹੀ ਸਮੇਂ ਵਿੱਚ ਸਥਿਤੀ ਸੰਭਾਲ ਸਕਦੇ ਸਨ ਪਰ ਉਹ ਇਸ ਨੂੰ ਸੰਭਾਲਣਾ ਹੀ ਨਹੀਂ ਚਾਹੁੰਦੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਸੰਵਿਧਾਨਿਕ ਜ਼ਿੰਮੇਵਾਰ ਨਿਭਾਉਣ ’ਚ ਪੂਰੀ ਤਰਾਂ ਅਸਫਲ ਰਹੀ ਹੈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਬਾਰੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਪਰ ਕੇਂਦਰ ਅਤੇ ਬੀਜੇਪੀ ਵੱਲੋਂ ਸਿਆਸੀ ਰਣਨੀਤੀਆਂ ਤਹਿਤ ਇਸ ਪ੍ਰਾਜੈਕਟ ਨੂੰ ਲਟਕਾਇਆ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਵਲੋਂ ਉਨਾਂ ਨੂੰ ਕਈ ਵਾਰ ਨੀਂਹ ਪੱਥਰ ਰੱਖਣ ਲਈ ਸੱਦਾ ਦਿਤਾ ਜਾ ਚੁੱਕਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜ਼ਿਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਸ਼ਾਸਨ ਵਲੋਂ ਹੜ ਪ੍ਰਭਾਵਿਤ ਇਲਾਕਿਆਂ ’ਚ ਪਹੁੰਚਾਈ ਜਾਂਦੀ ਮਦਦ ਅਤੇ ਪ੍ਰਬੰਧਾਂ ਬਾਰੇ ਵੀ ਦੱਸਿਆ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰ ਵੇਲੇ ਲੋਕਾਂ ਦੀ ਮਦਦ ਲਈ ਹਾਜ਼ਰ ਹੈ ਅਤੇ ਹੜ ਪ੍ਰਭਾਵਿਤ ਇਲਾਕਿਆਂ ’ਚ ਪੀਣ ਵਾਲਾ ਪਾਣੀ ਲੋਕਾਂ ਅਤੇ ਪਸ਼ੂਆਂ ਲਈ ਦਵਾਈਆਂ, ਰਾਸ਼ਨ ਅਤੇ ਫੀਡ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ।
ਸਪੀਕਰ ਸੰਧਵਾਂ ਵੱਲੋਂ ਹੜ ਪੀੜਤਾਂ ਲਈ ਪਸ਼ੂਆਂ ਦੀ ਫੀਡ ਅਤੇ ਹੋਰ ਜ਼ਰੂਰੀ ਸਮਾਨ ਦੀ ਵੰਡ
9 Views