ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਸਰਕਾਰੀ ਸਕੀਮਾਂ ਤੇ ਯੋਜਨਾਵਾਂ ਸਬੰਧੀ ਕੀਤੀ ਮੀਟਿੰਗ
*ਏਮਜ਼ ਹਸਪਤਾਲ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਪੌਦੇ
*ਇਲਾਜ ਲਈ ਆਏ ਮਰੀਜ਼ਾਂ ਨਾਲ ਕੀਤੀ ਗੱਲਬਾਤ
ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ : ਆਮ ਲੋਕਾਂ ਦੀ ਸੇਵਾ ਕਰਨ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਜਾਂ ਰਾਜਨੀਤਿਕ ਨੇਤਾ ਹੋਣਾ ਹੀ ਲਾਜ਼ਮੀ ਨਹੀਂ ਹੈ, ਸਗੋਂ ਸੱਚੇ ਮਨ ਤੇ ਦਿਲੋਂ ਸੇਵਾ ਕਰਨ ਲਈ ਨੇਕ ਨੀਅਤ ਤੇ ਲਗਨ ਹੋਣੀ ਵੀ ਬਹੁਤ ਜ਼ਰੂਰੀ ਹੈ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸ. ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਾਊਸਿੰਗ, ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਨੇ ਆਪਣੇ ਤਿੰਨ ਰੋਜ਼ਾ ਦੌਰੇ ਦੇ ਦੂਸਰੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਦੌਰਾਨ ਕੇਂਦਰੀ ਮੰਤਰੀ ਸ. ਪੁਰੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕ ਭਲਾਈ ਹਿੱਤ ਵੱਖ-ਵੱਖ ਵਿਭਾਗਾਂ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਦੀ ਬਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੀਤੇ ਜਾ ਕਾਰਜਾਂ ਤੇ ਤਸ਼ੱਲੀ ਪ੍ਰਗਟ ਕਰਦਿਆਂ ਸਰਕਾਰੀ ਸਕੀਮਾਂ ਤੇ ਯੋਜ਼ਨਾਵਾਂ ਦਾ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਫ਼ਾਇਦਾ ਪਹੁੰਚਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਦੌਰਾਨ ਕੇਂਦਰੀ ਮੰਤਰੀ ਸ. ਪੁਰੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਲਈ ਆਮ ਲੋਕਾਂ ਦੀਆਂ ਸਮੱਸਿਆਵਾਂ ਸਹੀ ਤਰੀਕੇ ਨਾਲ ਸੁਣਨਾ ਅਤੇ ਫ਼ਿਰ ਉਨ੍ਹਾਂ ਦਾ ਸਹੀ ਸਮੇਂ ਤੇ ਨਿਰਪੱਖ ਢੰਗ ਨਾਲ ਨਿਪਟਾਰਾ ਕਰਨਾ ਇੱਕ ਚੰਗਾ ਗੁਣ ਹੈ। ਇਸ ਮੌਕੇ ਉਨ੍ਹਾਂ ਸ਼ਹਿਰ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਅਤੇ ਸਰਕਾਰੀ ਯੋਜ਼ਨਾਵਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾ਼ਇਦਾ ਪਹੁੰਚਾਉਣ ਹਿੱਤ ਅਧਿਕਾਰੀਆਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ।
ਇਸ ਦੌਰਾਨ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ ਆਮ ਲੋਕਾਂ ਪੱਖੀ ਭਵਿੱਖ ਚ ਬਣਾਈਆਂ ਜਾਣ ਵਾਲੀਆਂ ਚੰਗੀਆਂ ਯੋਜ਼ਨਾਵਾਂ ਸਬੰਧੀ ਜਿੱਥੇ ਲੋੜੀਂਦੇ ਸੁਝਾਅ ਲਏ ਉਥੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਬਠਿੰਡਾ-ਬਰਨਾਲਾ ਬਾਈਪਾਸ ਤੇ ਬਣਾਏ ਜਾਣ ਵਾਲੇ ਫਲਾਈਓਵਰ ਨੂੰ ਲੈਕੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਬਠਿੰਡਾ ਏਅਰਪੋਰਟ ਤੇ ਬੰਦ ਪਈਆਂ ਉਡਾਣਾਂ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਸਬੰਧਤ ਕੇਂਦਰੀ ਮੰਤਰੀਆਂ ਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ। ਉਨ੍ਹਾਂ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਤੇ ਯੋਜਨਾਵਾਂ ਦਾ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਭਾਰਤ ਸਰਕਾਰ ਦੁਆਰਾ ਜ਼ਿਲ੍ਹੇ ਅੰਦਰ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਜਿਨ੍ਹਾਂ ਚ ਪ੍ਰਧਾਨ ਮੰਤਰੀ ਆਵਾਸ਼ ਯੋਜਨਾ, ਮਗਨਰੇਗਾ, ਅੰਮ੍ਰਿਤ ਮਿਸ਼ਨ, ਸ਼ੈਲਫ਼ ਹੈਲਪ ਗਰੁੱਪਾਂ, ਪੀ.ਐਮ. ਸਵਾਨਿਧੀ ਯੋਜ਼ਨਾ ਅਤੇ ਸਵੱਛ ਭਾਰਤ ਮਿਸ਼ਨ ਆਦਿ ਯੋਜ਼ਨਾਵਾਂ ਤਹਿਤ ਜ਼ਿਲ੍ਹੇ ਅੰਦਰ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ. ਪੁਰੀ ਵੱਲੋਂ ਸਥਾਨਕ ਏਮਜ਼ ਹਸਪਤਾਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਓ.ਪੀ.ਡੀ., ਐਮਰਜੈਂਸੀ ਵਾਰਡਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਏਮਜ਼ ਦੇ ਡਾਕਟਰੀ ਸਟਾਫ਼ ਨਾਲ ਵਿਸ਼ੇਸ਼ ਬੈਠਕ ਕਰਕੇ ਹਸਪਤਾਲ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਏਮਜ਼ ਦੇ ਡਾਇਰੈਕਟਰ ਡਾ. ਵੀ.ਕੇ. ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਮੀਟਿੰਗ ਅਤੇ ਦੌਰੇ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ.ਆਰ.ਪੀ.ਸਿੰਘ, ਕਮਿਸ਼ਨਰ ਨਗਰ ਨਿਗਮ ਮੈਡਮ ਪੱਲਵੀ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾਫੂਲ ਸ੍ਰੀ ਓਮ ਪ੍ਰਕਾਸ਼, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ੍ਰੀ ਆਕਾਸ਼ ਬਾਂਸਲ, ਐਸ.ਪੀ. ਸ੍ਰੀ ਤਰੁਣ ਰਤਨ, ਭਾਜਪਾ ਦੇ ਸੂਬਾ ਜਨਰਲ ਸਕੱਤਰ ਸ. ਦਿਆਲ ਸਿੰਘ ਸੋਢੀ ਅਤੇ ਸ੍ਰੀ ਸੁਭਾਸ਼ ਸ਼ਰਮਾ, ਸਟੇਟ ਮੀਡੀਆ ਇੰਚਾਰਜ ਸ੍ਰੀ ਸੁਨੀਲ ਸਿੰਗਲਾ, ਜ਼ਿਲ੍ਹਾ ਭਾਜਪਾ ਪ੍ਰਧਾਨ ਬਿਨੋਦ ਬਿੰਟਾ, ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Share the post "ਸਮੱਸਿਆਵਾਂ ਦੀ ਸਹੀ ਸੁਣਵਾਈ ਤੇ ਸਮੇਂ-ਸਿਰ ਹੱਲ ਕਰਨਾ ਹੈ ਆਮ ਲੋਕਾਂ ਦੀ ਸੱਚੀ ਸੇਵਾ : ਹਰਦੀਪ ਪੁਰੀ"