ਵਿਧਾਇਕ ਦੇ ਘਰ ਅੱਗੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਬੀਤੇ ਕੱਲ੍ਹ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਟ੍ਰੈਫਿਕ ਪੁਲਸ ਨੂੰ ਮੋਟਰਸਾਈਕਲ ਰੇਹੜੀ ਚਾਲਕਾਂ ਵਿਰੁੱਧ ਕਾਰਵਾਈ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਅੱਜ ਸ਼ੁਰੂ ਹੋਰ ਕਾਰਵਾਈ ਦੇ ਵਿਰੋਧ ਵਿੱਚ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਆਪ ਸਰਕਾਰ ਵਿਰੁੱਧ ਸੰਘਰਸ਼ ਵਿੱਢ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਇਕੱਠੇ ਹੋਏ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਵਿਧਾਇਕ ਦੇ ਘਰ ਅੱਗੇ ਧਰਨਾ ਵੀ ਦਿੱਤਾ।ਜ਼ਿਕਰਯੋਗ ਹੈ ਕਿ ਜਾਰੀ ਆਦੇਸ਼ਾਂ ਤਹਿਤ ਮੋਟਰਸਾਈਕਲ ਵਿੱਚ ਤਬਦੀਲੀ ਕਰਕੇ ਇਨ੍ਹਾਂ ਮਗਰ ਰੇਹੜੀਆਂ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਚਲਾਨ ਕੱਟਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਧੜਾਧੜ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੂੰ ਫੜਦਿਆਂ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਜਿਸ ਕਾਰਨ ਇਨ੍ਹਾਂ ਵਿੱਚ ਰੋਸ ਫੈਲ ਗਿਆ। ਗੋਨਿਆਣਾ ਮੰਡੀ ਵਿੱਚ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਸ਼ਹਿਰ ਚ ਰੋਸ ਪ੍ਰਦਰਸ਼ਨ ਤੋਂ ਬਾਅਦ ਆਪ ਵਿਧਾਇਕ ਜਗਸੀਰ ਸਿੰਘ ਨੂੰ ਮੰਗ ਪੱਤਰ ਦਿੱਤਾ। ਜਦੋਂ ਕਿ ਬਠਿੰਡਾ ਵਿਚ ਇਕੱਠੇ ਹੋਏ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਜਾ ਧਰਨਾ ਦੇ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਦਾਅਵਾ ਕੀਤਾ ਕਿ ਉਹ ਬੇਰੁਜ਼ਗਾਰੀ ਦੇ ਚੱਲਦੇ ਮੋਟਰਸਾਈਕਲਾਂ ਮਗਰ ਰੇਹੜੀਆਂ ਲਗਵਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ ਪ੍ਰੰਤੂ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਮਹਿੰਗੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਆਪ ਸਰਕਾਰ ‘ਤੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਇਸ ਪਾਰਟੀ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਬਣਦੇ ਸਾਰ ਮਹੀਨੇ ਬਾਅਦ ਹੀ ਉਨ੍ਹਾਂ ਦਾ ਰੁਜ਼ਗਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਇਹ ਫਲ ਦਿੱਤਾ ਹੈ ਕਿਉਂਕਿ ਪਿਛਲੇ ਪੰਦਰਾਂ ਸਾਲਾਂ ਤੋਂ ਉਨ੍ਹਾਂ ਦੀਆਂ ਮੋਟਰਸਾਈਕਲ ਰੇਹੜੀਆਂ ਨਿਰਵਿਘਨ ਚਲਦੀਆਂ ਆ ਰਹੀਆਂ ਹਨ ਪ੍ਰੰਤੂ ਹੁਣ ਸਰਕਾਰ ਨੇ ਇਹ ਹੁਕਮ ਚਾੜ੍ਹ ਕੇ ਉਨ੍ਹਾਂ ਦੇ ਰੁਜ਼ਗਾਰ ਤੇ ਲੱਤ ਮਾਰੀ ਹੈ। ਇਸ ਮੌਕੇ ਕਈ ਰੇਹੜੀ ਚਾਲਕਾਂ ਨੇ ਪੁਲੀਸ ਵੱਲੋਂ ਕੱਟੇ ਅੱਠ ਅੱਠ ਦਾ ਦੱਸ ਹਜ਼ਾਰ ਦੇ ਚਲਾਨ ਵੀ ਦਿਖਾਏ ਜਿਹੜੇ ਕਿ ਉਹ ਭਰਨ ਤੋਂ ਅਸਮਰੱਥਾ ਜ਼ਾਹਰ ਕਰ ਰਹੇ ਸਨ।
ਸਰਕਾਰ ਦੇ ਹੁਕਮਾਂ ‘ਤੇ ਭੜਕੇ ਮੋਟਰਸਾਈਕਲ ਰੇਹੜੀ ਚਾਲਕ
13 Views