ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ
ਪੰਜਾਬੀ ਖ਼ਬਰਸਾਰ ਬਿਉਰੋ
ਫਰੀਦਕੋਟ, 28 ਜੁਲਾਈ: ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ ਟਰੇਨਿੰਗ ਅਨੈਕਸੀ ਦਫਤਰ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਅਨਿਲ ਗੋਇਲ ਨੇ ਕਿਹਾ ਕਿ ਅੱਜ ਦਾ ਇਹ ਦਿਨ ‘ਇੱਕ ਜਿੰਦਗੀ ਇੱਕ ਜਿਗਰ’ ਵਿਸ਼ੇ ਹੇਠ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ ਡਿਵੀਜ਼ਨਲ ਹਸਪਤਾਲ, 13 ਏ.ਆਰ.ਟੀ ਕੇਂਦਰਾਂ ਅਤੇ 11 ਓ.ਐਸ.ਟੀ ਕੇਂਦਰਾਂ ਤੇ ਮੁਫਤ ਉਪਲੱਬਧ ਹਨ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਸਾਲ 2016 ਤੋਂ ਹੈਪੇਟਾਈਟਸ ਸੀ ਦੇ ਮੁਫਤ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਸੀ। ਉਹਨਾਂ ਆਖਿਆ ਕਿ ਸਿਹਤ ਸਹੂਲਤਾਂ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਸਮੇਂ-ਸਮੇਂ ਤੇ ਹੈਪੇਟਾਈਟਸ ਦੀ ਜਾਂਚ ਅਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਟੀਕਿਆਂ ਦੇ ਰੂਪ ਵਿੱਚ ਕਰਨ ਵਾਲੇ ਵਿਅਕਤੀਆਂ ਵਿੱਚ ਕਾਲਾ ਪੀਲੀਆ ਫੈਲਣ ਦਾ ਖਤਰਾ ਸਭ ਤੋਂ ਹੁੰਦਾ ਹੈ।ਇਸ ਸਮਾਰੋਹ ਦੌਰਾਨ ਡਾ. ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਅਤੇ ਖਾਣ ਪੀਣ ਦੀਆਂ ਦੂਸ਼ਿਤ ਵਸਤੂਆਂ ਦੀ ਵਰਤੋਂ ਨਾਲ ਫੈਲਦਾ ਹੈ ਜਦੋਂ ਕਿ ਹੈਪੇਟਾਈਟਸ ਬੀ ਅਤੇ ਸੀ ਖੂਨ ਦੇ ਸੰਪਰਕ, ਅਸੁਰੱਖਿਅਤ ਸਰੀਰਕ ਸਬੰਧ, ਪਹਿਲਾਂ ਤੋਂ ਵਰਤੀਆਂ ਸੂਈਆਂ ਦੀ ਦੁਬਾਰਾ ਵਰਤੋਂ ਨਾਲ, ਗਰਭਵਤੀ ਮਾਂ ਤੋਂ ਬੱਚੇ ਨੂੰ, ਬਿਨਾਂ ਟੈਸਟ ਕੀਤੇ ਖੂਨ ਚੜਾਉਣਾ ਅਤੇ ਸ਼ਰੀਰ ਉੱਪਰ ਅਸਰੁੱਖਿਅਤ ਤਰੀਕੇ ਨਾਲ ਟੈਟੂ ਖੁਦਵਾਉਣ ਰਾਹੀਂ ਫੈਲਦਾ ਹੈ। ਹੈਪੇਟਾਈਟਸ ਬੀ ਵਾਇਰਸ ਸਰੀਰ ਤੇ ਤੁਰੰਤ ਪ੍ਰਭਾਵ ਨਹੀਂ ਦਿਖਾਉਂਦਾ ਹੈ ਸਗੋਂ ਜਿਗਰ ਵਿੱਚ ਸਾਲਾਂ ਤੱਕ ਮੌਜੂਦ ਰਹਿੰਦਾ ਹੈ ਅਤੇ ਹੌਲੀ ਹੌਲੀ ਜਿਗਰ ਨੂੰ ਨੁਕਸਾਉਣ ਪਹੁੰਚਾਉਂਦਾ ਹੈ। ਮਾਹਰ ਡਾਕਟਰ ਦੀ ਨਿਗਰਾਨੀ ਹੇਠ ਜੀਵਨ ਰੱਖਿਅਕ ਦਵਾਈਆਂ ਦੀ ਵਰਤੋਂ ਨਾਲ ਜਿਗਰ ਉੱਪਰ ਪੈਣ ਵਾਲੇ ਬੁਰੇ ਪ੍ਰਭਾਵ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਦੀਪਤੀ ਅਰੋੜਾ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਹੈਪੇਟਾਈਟਸ ਭਾਵ ਕਾਲਾ ਪੀਲੀਆ ਰੋਗ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਲਾ ਪੀਲੀਆ ਰੋਗ ਵਿੱਚ ਜਿਗਰ ਦੀ ਸੋਜ਼ ਹੋ ਜਾਂਦੀ ਹੈ ਅਤੇ ਇਸ ਕਾਰਨ ਭੁੱਖ ਦੀ ਕਮੀ, ਬੁਖਾਰ, ਪੇਟ ਦਰਦ ਅਤੇ ਉਲਟੀਆਂ ਆਉਣਾ ਆਦਿ ਲੱਛਣ ਪ੍ਰਗਟ ਹੋ ਸਕਦੇ ਹਨ। ਉਹਨਾਂ ਪੀਲੀਆ ਰੋਗ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਆਖਿਆ ਕਿ ਜੇਕਰ ਸਰੀਰ ਵਿੱਚ ਕਿਸੇ ਵੀ ਕਿਸਮ ਦੇ ਪੀਲੀਏ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਰ ਡਾਕਟਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੀਲੀਏ ਦੇ ਇਲਾਜ ਲਈ ਕਿਸੇ ਵੀ ਕਿਸਮ ਦੇ ਦੇਸੀ ਟੂਣੇ-ਟੋਟਕੇ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਉਨਾਂ ਦੱਸਿਆ ਕਿ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਤੋਂ ਬਚਾਅ ਲਈ ਸਾਰੇ ਲਾਭਪਾਤਰੀ ਬੱਚਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਵੱਲੋਂ ਹੈਪੇਟਾਈਟਸ ਦੀ ਟੈਸਟਿੰਗ ਅਤੇ ਇਲਾਜ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਰਾਜੀਵ ਭੰਡਾਰੀ, ਡਾ. ਮੈਰੀ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ, ਡਾ. ਵਰਿੰਦਰ ਚੋਪੜਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਫਾਰਮੇਸੀ ਅਫਸਰ ਨਵਕਾਸ਼ ਸਿੰਘ, ਪ੍ਰਿਤਪਾਲ ਸਿੰਘ, ਕੌਸ਼ਲ ਕੁਮਾਰ, ਲਲਿਤ ਕੁਮਾਰ ਆਦਿ ਹਾਜਰ ਸਨ।
ਸਰਕਾਰ ਵੱਲੋਂ ਹੈਪੇਟਾਈਟਸ ਦੀ ਜਾਂਚ ਅਤੇ ਇਲਾਜ ਮੁਫਤ ਉਪਲੱਬਧ- ਸਿਵਲ ਸਰਜਨ
9 Views