ਦਿੱਲੀ ਵਿੱਚ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ
ਸੋਸ਼ਲ ਮੀਡੀਆ ਤੇ ਵੀ ਸੱਤ ਮਹੀਨਿਆਂ ਬਾਅਦ ਹੋਏ ਸਰਗਰਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਦਸੰਬਰ: ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰ ਕੇ ਪੰਜਾਬ ਦੇ ਮੁੱਖ ਮੰਤਰੀ ਬਣਾਏ ਚਰਨਜੀਤ ਸਿੰਘ ਚੰਨੀ ਲੰਮੀ ਉਡੀਕ ਤੋਂ ਬਾਅਦ ਬੀਤੀ ਸ਼ਾਮ ਦੇਸ਼ ਪਰਤ ਆਏ ਹਨ। ਉਨ੍ਹਾਂ ਵਲੋਂ ਆਉਂਦਿਆਂ ਸਾਰ ਹੀ ਕਾਂਗਰਸ ਦੀ ਕੌਮੀ ਆਗੂ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਸਿਆਸਤ ਵਿਚ ਆਉਣ ਵਾਲੇ ਦਿਨਾਂ ‘ਚ ਸਰਗਰਮ ਹੋਣ ਦਾ ਸੁਨੇਹਾ ਦਿੱਤਾ ਗਿਆ ਹੈ। ਉਹ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਯਾਤਰਾ ਜੋਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਵਿਚ ਦਾਖ਼ਲ ਹੋ ਰਹੀ ਹੈ, ਵਿਚ ਵੀ ਸਮੂਲੀਅਤ ਕਰਨਗੇ। ਹਾਲਾਂਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਉਨ੍ਹਾਂ ਦੇ ਨਿੱਜੀ ਵਿਦੇਸ਼ ਦੌਰੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪ੍ਰੰਤੂ ਪਤਾ ਚਲਿਆ ਹੈ ਕਿ ਉਹ ਇਸ ਸਮੇਂ ਦੌਰਾਨ ਅਮਰੀਕਾ ਰਹਿੰਦੇ ਰਹੇ ਹਨ, ਜਿੱਥੇ ਉਹ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਸੋਸਲ ਮੀਡੀਆ ’ਤੇ ਵੀ ਗੈਰ-ਗਤੀਸ਼ੀਲ ਸਨ। ਅੱਜ ਉਹ ਮੁੜ ਸ਼ੋਸਲ ਮੀਡੀਆ ’ਤੇ ਲਗਭਗ ਸੱਤ ਮਹੀਨਿਆਂ ਬਾਅਦ ਐਕਟਿਵ ਹੋਏ ਹਨ। 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ’ਤੇ ਦੁੱਖ ਜ਼ਾਹਰ ਕਰਦੀ ਫ਼ੇਸਬੁੱਕ ’ਤੇ ਪਾਈ ਪੋਸਟ ਤੋਂ ਉਨ੍ਹਾਂ ਅੱਜ ਮੁੜ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਵਾਲੀ ਫ਼ੋਟੋ ਪਾਈ ਹੈ। ਉਂਜ ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਅਪਣੀਆਂ ਅੱਖਾਂ ਦਾ ਇਲਾਜ਼ ਕਰਵਾਉਣ ਗਏ ਹੋਏ ਹਨ। ਪ੍ਰੰਤੂ ਸਾਬਕਾ ਮੁੱਖ ਮੰਤਰੀ ਦੇ ਅਚਾਨਕ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਇਸ ਤਰ੍ਹਾਂ ਗਾਇਬ ਹੋਣ ਦੇ ਚੱਲਦੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਇਸ ਦੌਰਾਨ ਵਿਜੀਲੈਂਸ ਬਿਉਰੋ ਵੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਵਿਰੁਧ ਕਾਰਵਾਈ ਕਰ ਚੁੱਕੀ ਹੈ ਅਤੇ ਸ: ਚੰਨੀ ਦਾ ਭਾਣਜਾ ਵੀ ਨਿਸ਼ਾਨੇ ’ਤੇ ਰਿਹਾ ਹੈ। ਜਿਸਦੇ ਚੱਲਦੇ ਵਾਪਸੀ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਨੂੰ ਸਰਕਾਰ ਦੀ ਕਿਸੇ ਵੀ ਕਾਰਵਾਈ ਲਈ ਤਿਆਰ ਰਹਿਣਾ ਪੈ ਸਕਦਾ ਹੈ। ਉਨ੍ਹਾਂ ਦੀ ਸਰਕਾਰ ਸਮੇਂ ਕੀਤੇ ਕਈ ਫੈਸਲਿਆਂ ਨੂੰ ਲੈ ਕੇ ਕਈ ਵਾਰ ਸੱਤਾਧਿਰ ਖ਼ਾਸਕਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਆਸੀ ਕਟਾਸ਼ ਕਸੇ ਜਾਂਦੇ ਰਹੇ ਹਨ। ਉਨ੍ਹਾਂ ਸਿੱਧਾ ਸ: ਚੰਨੀ ਦਾ ਨਾਂ ਲੈਂਦਿਆਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਕਈ ਫੈਸਲਿਆਂ ’ਤੇ ਉਂਗਲ ਖ਼ੜੀ ਕੀਤੀ ਸੀ। ਉਂਜ ਵਿਦੇਸ਼ ‘ਚੋਂ ਬੈਠਿਆਂ ਸਾਬਕਾ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਸੀ ਪ੍ਰੰਤੂ ਕਾਂਗਰਸ ਪਾਰਟੀ ਨੂੰ ਮਿਲੀ ਕਰਾਰ ਤੋਂ ਬਾਅਦ ਇਸ ਤਰ੍ਹਾਂ ਸੂਬਾ ਛੱਡ ਕੇ ਪਾਰਟੀ ਵਲੋਂ ਮੁੱਖ ਮੰਤਰੀ ਰਹੇ ਸੀਨੀਅਰ ਆਗੂ ਦੇ ਵਿਦੇਸ਼ ਚ ਚਲੇ ਜਾਣ ਕਾਰਨ ਕਾਂਗਰਸੀ ਵਰਕਰਾਂ ਵਿਚ ਮਾਯੂਸੀ ਦੇਖਣ ਨੂੰ ਮਿਲ ਰਹੀ ਸੀ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਸੂਬਾਈ ਕਾਂਗਰਸ ਵਿਚ ਨਵੀਂ ਸਫ਼ਾਬੰਦੀ ਹੋਣ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਚੰਨੀ ਦੇ ਵਿਦੇਸ਼ ਚਲੇ ਜਾਣ ਕਾਰਨ ਮੌਜੂਦਾ ਸਮੇਂ ਕਾਂਗਰਸ ਵਿਚ ਸਥਾਪਤ ਆਗੂਆਂ ਨੇ ਵੀ ਨਰਾਜ਼ਗੀ ਜਤਾਈ ਸੀ। ਜਿਸਤੋਂ ਬਾਅਦ ਚਰਚਾ ਹੈ ਕਿ ਚੰਨੀ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲਕੇ ਮੁੜ ਅਪਣੇ ਗੁੱਟ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਦੋ ਦਿਨ ਪਹਿਲਾਂ ਸ: ਬਾਦਲ ਵਲੋਂ ਨਵਜੋਤ ਸਿੰਘ ਸਿੱਧੂ ਨਾਲ ਮਿਲਕੇ ਨਵੇਂ ਸਿਆਸੀ ਸਮੀਕਰਨ ਬਣਾਉਣ ਦਾ ਯਤਨ ਕੀਤਾ ਹੈ ਪ੍ਰੰਤੂ ਸਿੱਧੂ ਦੇ ਅਤਿ ਨਜਦੀਕੀ ਆਗੂਆਂ ਨੇ ਖ਼ੁਲਾਸਾ ਕੀਤਾ ਹੈ ਕਿ ‘‘ ਪਿਛੋਕੜ ਦੇ ਤਜਰਬੇ ਅਤੇ ਮੌਜੂਦਾ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਅਪਣੇ ਧੜੇ ਨਾਲ ਹੀ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਅੱਗੇ ਵਧਣਗੇ ਤੇ ਉਨ੍ਹਾਂ ਵਲੋਂ ਚੰਨੀ ਜਾਂ ਮਨਪ੍ਰੀਤ ਨਾਲ ਚੱਲਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ’’ਦਸਣਾ ਬਣਦਾ ਹੈ ਕਿ ਸਾਬਕਾ ਵਿਤ ਮੰਤਰੀ ਦਾ ਮੌਜੂਦਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸਿਆਸੀ ਤੌਰ ’ਤੇ ਛੱਤੀ ਦਾ ਅੰਕੜਾ ਚੱਲ ਰਿਹਾ ਹੈ ਤੇ ਨੇੜ ਭਵਿੱਖ ਵਿਚ ਦੋਨਾਂ ਆਗੂਆਂ ਦੇ ਇਕਜੁਟ ਹੋ ਕੇ ਚੱਲਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਇਸਤੋਂ ਇਲਾਵਾ ਮਾਂਝਾ ਬ੍ਰਿਗੇਡ ਵਿਚੋਂ ਵੀ ਜਿਆਦਾਤਰ ਆਗੂ ਚੰਨੀ ਤੇ ਮਨਪ੍ਰੀਤ ਧੜੇ ਤੋਂ ਦੂਰੀ ਬਣਾਈ ਰੱਖਣ ਵਿਚ ਭਲਾਈ ਸਮਝ ਰਹੇ ਹਨ। ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਅਜਿਹੇ ਹਾਲਾਤਾਂ ਵਿਚ ਵੜਿੰਗ ਧੜੇ ਨਾਲ ਖੜਦਾ ਹੈ ਜਾਂ ਫ਼ਿਰ ਮੁੜ ਮਨਪ੍ਰੀਤ ਬਾਦਲ ਨੂੰ ਤਰਜੀਹ ਦਿੰਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।
Share the post "ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਦੇਸ਼ ਤੋਂ ਪਰਤੇ, ਕਾਂਗਰਸ ’ਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ"