ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ: ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਛੱਡ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਮੇਅਰ ਬਲਵੰਤ ਰਾਏ ਨਾਥ ਤੇ ਕੋਂਸਲਰ ਸੁਰੇਸ਼ ਚੌਹਾਨ ਦਾ ਘਰ ਪੁੱਜ ਕੇ ਦੋਵਾਂ ਸੀਨੀਅਰ ਆਗੂਆਂ ਦਾ ਸਵਾਗਤ ਕਰਦਿਆਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਲਵੰਤ ਰਾਏ ਨਾਥ ਵਾਲਮੀਕ ਭਾਈਚਾਰੇ ਸਮੇਤ ਲੋੜਵੰਦ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੇ ਰਹੇ ਹਨ ਇਨ੍ਹਾਂ ਦੇ ਕਾਂਗਰਸ ਵਿਚ ਘਰ ਵਾਪਸੀ ਕਰਨ ਨਾਲ ਵੱਡੀ ਤਾਕਤ ਮਿਲੇਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸੋਚ ਹਰ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਹੈ ਜਿਸ ਕਰਕੇ ਲੀਡਰਸ਼ਿਪ ਕਾਂਗਰਸ ਦੇ ਨਾਲ ਜੁੜ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਬਠਿੰਡਾ ਵਿਚ ਮਹਾਂਰਿਸ਼ੀ ਬਾਲਮੀਕ ਡਿਜੀਟਲ ਲਾਇਬਰੇਰੀ ਦਾ ਕਰੀਬ 7.50 ਕਰੋੜ ਨਾਲ ਨਿਰਮਾਣ ਕੀਤਾ, ਕਰੀਬ 4.50 ਕਰੋੜ ਰੁਪਏ ਲਾ ਕੇ ਵਾਲਮੀਕ ਭਵਨ ਉਸਾਰਿਆ ਗਿਆ ,ਸੰਜੇ ਨਗਰ ਸਥਿਤ ਸਰਕਾਰੀ ਸਕੂਲ ਦੀ ਦਿੱਖ ਬਦਲੀ ਗਈ, ਕਰੀਬ 95 ਕਰੋੜ ਦੀ ਲਾਗਤ ਨਾਲ ਇਨ੍ਹਾਂ ਇਲਾਕਿਆਂ ਵਿੱਚ ਪੰਜ ਫਾਟਕਾਂ ਤੇ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਅਮਰਪੁਰਾ, ਲਾਲ ਸਿੰਘ ਨਗਰ ਦੇ ਇਨ੍ਹਾਂ ਇਲਾਕਿਆਂ ਨੂੰ ਵੱਡੀ ਰਾਹਤ ਮਿਲੀ ਹੈ । ਮਨਪ੍ਰੀਤ ਸਿੰਘ ਬਾਦਲ ਨੇ ਦੂਸਰੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ਤੇ ਸ਼ਹਿਰ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਂਦਾ ਜਾਵੇਗਾ । ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਖਾਸ ਕਰ ਵਿੱਤ ਮੰਤਰੀ ਦੀ ਸੋਚ ਹਰ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਘਰ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਵੱਡੇ ਯਤਨ ਕੀਤੇ ਜਿਸ ਤੋਂ ਪ੍ਰਭਾਵਤ ਹੋ ਕੇ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜੋੜੀ ਨੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀਆਂ ਸਕੀਮਾਂ ਦੇ ਕੇ ਲਾਭ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਲਈ ਦਿਨ ਰਾਤ ਕੰਮ ਕਰਨ ਲਈ ਵਚਨਬੱਧ ਰਹਿਣਗੇ। ਇਸ ਮੌਕੇ ਉਨ੍ਹਾਂ ਅਰੁਣ ਵਧਾਵਨ, ਨਵੀਨ ਵਾਲਮੀਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Share the post "ਸਾਬਕਾ ਮੇਅਰ ਵਾਲਮੀਕ ਭਾਈਚਾਰੇ ਅਤੇ ਲੋੜਵੰਦ ਲੋਕਾਂ ਦੀ ਆਵਾਜ਼, ਕਾਂਗਰਸ ਨੂੰ ਮਿਲੇਗੀ ਤਾਕਤ : ਮਨਪ੍ਰੀਤ ਬਾਦਲ"