ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ : ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਅਕਾਲੀ ਵਿਧਾਇਕ ਵਿਰੁਧ ਉਨ੍ਹਾਂ ਦੇ ਰਿਸਤੇਦਾਰਾਂ ਨੇ ਮੋਰਚਾ ਖੋਲਦਿਆਂ ਕਥਿਤ ਤੌਰ ‘ਤੇ ਧੱਕੇਸ਼ਾਹੀ ਦੇ ਦੋਸ ਲਗਾਏ ਹਨ। ਅੱਜ ਸਥਾਨਕ ਸ਼ਹਿਰ ਦੇ ਇੱਕ ਹੋਟਲ ਵਿਚ ਅਪਣੀ ਅਮਰੀਕਾ ਰਹਿੰਦੀ ਡਾਕਟਰ ਧੀ ਨਾਲ ਪੁੱਜੇ ਫ਼ੌਜ ਦੇ ਸਾਬਕਾ ਮੇਜਰ ਅਜੀਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਉਹ ਜੀਤਮਹਿੰਦਰ ਸਿੰਘ ਸਿੱਧੂ ਦਾ ਸਕਾ ਮਾਸੜ ਹੈ ਤੇ ਹਰਿਆਣਾ ਦੇ ਸਾਹਬਾਦ ਜ਼ਿਲ੍ਹੇ ਦੇ ਪਿੰਡ ਝਰੋਲੀ ਖ਼ੁਰਦ ’ਚ ਰਹਿ ਰਿਹਾ ਹੈ। ਮੇਜਰ ਮਾਹਲ ਨੇ ਦੋਸ਼ ਲਗਾਏ ਕਿ ਉਸਦੀ ਪਤਨੀ ਤੇ ਉਕਤ ਸਾਬਕਾ ਵਿਧਾਇਕ ਦੀ ਮਾਂ ਸਕੀਆਂ ਭੈਣਾਂ ਸਨ ਤੇ ਇੰਨ੍ਹਾਂ ਕਥਿਤ ਤੌਰ ’ਤੇ ਉਸਦੇ ਸਹੁਰੇ ਪ੍ਰਵਾਰ ਤੇ ਇੱਥੋਂ ਤੱਕ ਉਸਦੀ ਪਤਨੀ ਦੀਆਂ ਵਸੀਅਤਾਂ ਦੇ ਆਧਾਰ ’ਤੇ ਉਸਦੇ ਹਿੱਸੇ ਦੀ ਕਾਫ਼ੀ ਸਾਰੀ ਜਮੀਨ ਅਪਣੇ ਨਾਮ ਕਰਵਾ ਲਈ। ਇੱਥੋਂ ਤੱਕ ਕਿ ਉਸਦੇ ਲੀਲਾ ਭਵਨ ਤੇ ਦਿੱਲੀ ਦੇ ਕਨਾਟ ਪਲੈਸ ’ਚ ਸਥਿਤ ਜਾਇਦਾਦ ਵਿਚੋਂ ਬਾਹਰ ਕਰਦਿਆਂ ਉਲਟਾ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰਵਾ ਦਿੱਤਾ। ਇਸ ਮੌਕੇ ਉਨ੍ਹਾਂ ਦੀ ਧੀ ਡਾ ਕਰਨਪ੍ਰੀਤ ਮਾਹਲ ਨੇ ਦਸਿਆ ਕਿ ਉਹ ਅਮਰੀਕਾ ਵਿਚ ਰਹਿੰਦੀ ਹੈ ਤੇ ਉਕਤ ਪਿੰਡ ਵਿਚ ਉਸਦੇ ਨਾਮ ਜਮੀਨ ਨੂੰ ਵੀ ਵੇਚਣ ਨਹੀਂ ਦਿੱਤਾ ਜਾ ਰਿਹਾ। ਪਿਊ-ਧੀ ਨੇ ਦਾਅਵਾ ਕੀਤਾ ਕਿ ਉਨਾਂ੍ਹ ਇਨਸਾਫ਼ ਲਈ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਪਹੁੰਚ ਕੀਤੀ ਹੈ ਪ੍ਰੰਤੂ ਮਾਲ ਤੇ ਪੁਲਿਸ ਵਿਭਾਗ ਤੋਂ ਲੈ ਕੇ ਕਿਧਰੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇੱਥੋਂ ਤਕ ਕਿਹਾ ਕਿ ਜੇਕਰ ਉਨ੍ਹਾਂ ਦੋਨਾਂ ਵਿਚੋਂ ਕਿਸੇ ਇੱਕ ਦੀ ਵੀ ਅਣਕਿਆਸੀ ਮੌਤ ਹੁੰਦੀ ਹੈ ਤੇ ਇਸਦੇ ਲਈ ਵੀ ਉਕਤ ਵਿਅਕਤੀ ਜਿੰਮੇਵਾਰ ਹੋਵੇਗਾ। ਚੋਣਾਂ ਮੌਕੇ ਇਸ ਮੁੱਦੇ ਨੂੰ ਉਛਾਲਣ ’ਤੇ ਜਵਾਬ ਦਿੰਦਿਆਂ ਇੰਨ੍ਹਾਂ ਕਿਹਾ ਕਿ ਉਹ ਅਸਲ ਵਿਚ ਇੱਥੋਂ ਦੇ ਲੋਕਾਂ ਨੂੰ ਵਿਧਾਇਕ ਦੀ ਸਚਾਈ ਦਸਣ ਆਏ ਹਨ। ਉਧਰ ਇੰਨ੍ਹਾਂ ਦੋਸ਼ਾਂ ਸਬੰਧੀ ਪੱਖ ਲੈਣ ਲਈ ਕਈ ਵਾਰ ਸਾਬਕਾ ਵਿਧਾਇਕ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
Share the post "ਸਾਬਕਾ ਵਿਧਾਇਕ ਵਿਰੁਧ ਰਿਸ਼ਤੇਦਾਰਾਂ ਨੇ ਖੋਲਿਆ ਮੋਰਚਾ, ਲਗਾਏ ਧੱਕੇਸ਼ਾਹੀ ਦੇ ਦੋਸ਼"