ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਨੇ ਵੱਖ-ਵੱਖ ਆਗੂਆਂ ਦੀ ਮੌਜੂਦਗੀ ਵਿੱਚ ਚਾਰਜ ਸੰਭਾਲਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਮਾਰਚ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ ਅਗਵਾਈ ਹੇਠ ਚੋਣ ਪ੍ਰਚਾਰ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ।ਸ. ਹਰਭਜਨ ਸਿੰਘ ਨੇ ਅੱਜ ਇੱਥੇ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰੇਗੀ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ ਲਈ ਢੁਕਵਾਂ ਮਾਹੌਲ ਪ੍ਰਦਾਨ ਕਰੇਗੀ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਭਰਪੂਰ ਮੌਕੇ ਮਿਲਣਗੇ। ਬੁਨਿਆਦੀ ਢਾਂਚੇ ਦੀ ਫੌਰੀ ਦੇਖਭਾਲ ਦੀ ਲੋੜ ਨੂੰ ਸਵੀਕਾਰ ਕਰਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ ਕਿ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਦੀ ਸਖ਼ਤ ਲੋੜ ਹੈ ਅਤੇ ਉਹ ਪਹਿਲ ਦੇ ਅਧਾਰ `ਤੇ ਇਨ੍ਹਾਂ ਦੀ ਸੰਭਾਲ ਲਈ ਪੂਰੇ ਯਤਨ ਕਰਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਹਰਭਜਨ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੁਹਿਰਦਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਪੰਜਾਬ ਸੂਬੇ ਵਿੱਚੋਂ ਨਸਿ਼ਆਂ ਦੇ ਖਾਤਮੇ ਲਈ ਕੰਮ ਕਰੇਗੀ।ਇਸ ਅਹੁਦੇ ਲਈ ਚੁਣੇ ਜਾਣ ਲਈ ਉਨ੍ਹਾਂ ਪਾਰਟੀ ਲੀਡਰਸਿ਼ਪ ਦਾ ਧੰਨਵਾਦ ਕਰਨ ਦੇ ਨਾਲ- ਨਾਲ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਰਾਜ ਦਾ ਸ਼ਾਸਨ ਚਲਾਉਣ ਲਈ ਸਪੱਸ਼ਟ ਫਤਵਾ ਦੇਣ ਲਈ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ
ਜਿ਼ਕਰਯੋਗ ਹੈ ਕਿ ਜੰਡਿਆਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਹਰਭਜਨ ਸਿੰਘ 2012 ਵਿੱਚ ਆਬਕਾਰੀ ਤੇ ਕਰ ਅਧਿਕਾਰੀ ਬਣੇ ਸਨ ਪਰ ਉਨ੍ਹਾਂ ਨੇ 2017 ਵਿੱਚ ਈਟੀਓ ਦੇ ਅਹੁਦੇ ਤੋਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਸੀ।ਉਹ ਜੰਡਿਆਲਾ ਹਲਕੇ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ 25000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਸ. ਕੁਲਵੰਤ ਪੰਡੋਰੀ, ਵਿਧਾਇਕ ਸ੍ਰੀ ਦਿਨੇਸ਼ ਚੱਢਾ, ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ, ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਦਲੀਪ ਕੁਮਾਰ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਵਿਕਾਸ ਪ੍ਰਤਾਪ, ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ (ਪੀਐਸਪੀਸੀਐਲ) ਸ. ਬਲਦੇਵ ਸਿੰਘ ਸਰਾਂ ਮੌਜੂਦ ਸਨ।
ਸਾਰੇ ਵਾਅਦੇ ਪੂਰੇ ਜੋਸ਼ ਨਾਲ ਨਿਭਾਵਾਂਗੇ: ਹਰਭਜਨ ਸਿੰਘ ਈ.ਟੀ.ਓ
17 Views