ਕਿਹਾ, ਸ਼ੁੱਧ ਤੇ ਸਹੀ ਭੋਜਨ ਖਾਣ ਨਾਲ ਬਿਮਾਰੀਆਂ ਤੋਂ ਜਾ ਸਕਦਾ ਹੈ ਬਚਿਆ
ਮੇਲੇ ਦੌਰਾਨ 7 ਕਿਲੋਮੀਟਰ ਦੀ ਕਰਵਾਈ ਜਾਵੇਗੀ ਮੈਰਾਥਨ,30 ਅਤੇ 31 ਜੁਲਾਈ ਨੂੰ ਹੋਵੇਗਾ ਮੇਲਾ
ਸੁਖਜਿੰਦਰ ਮਾਨ
ਬਠਿੰਡਾ, 4 ਜੁਲਾਈ : ਚੰਗੀ ਸਿਹਤ ਨੂੰ ਮੁੱਖ ਰੱਖਦਿਆਂ ਸ਼ੁੱਧ ਤੇ ਸਹੀ ਭੋਜਨ ਖਾ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਹੀ ਭੋਜਨ ਖਾਣ ਦੀ ਮਹੱਤਤਾ ਅਤੇ ਆਜ਼ਾਦੀ ਦੇ ਅੰਮਿ੍ਰਤ ਮਹਾਂ ਉਤਸਵ ਦੇ ਮੱਦੇਨਜ਼ਰ ਇੱਥੇ 30-31 ਜੁਲਾਈ 2022 ਨੂੰ ਈਟ ਰਾਈਟ (ਸਹੀ ਖਾਣਾ) ਮੇਲਾ ਕਰਵਾਇਆ ਜਾਵੇਗਾ। ਇਸ ਦੌਰਾਨ 31 ਜੁਲਾਈ ਨੂੰ ਸਵੇਰੇ 6 ਵਜੇ ਲਗਭਗ 7 ਕਿਲੋਮੀਟਰ ਦੀ ਮੈਰਾਥਨ ਵੀ ਕਰਵਾਈ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਈਟ ਰਾਈਟ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇੱਥੇ ਛਾਬੜਾ ਪੇਲੈਸ ਚ ਮਨਾਏ ਜਾਣ ਵਾਲੇ ਇਸ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿੱਥੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਉੱਥੇ ਉਨ੍ਹਾਂ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇਦਿਆਂ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੌਕੇ 7 ਕਿਲੋਮੀਟਰ ਦੀ ਮੈਰਾਥਨ ਵੀ ਕਰਵਾਈ ਜਾਵੇਗੀ ਜੋ ਕਿ ਛਾਬੜਾ ਪੈਲੇਸ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦੀ ਹੋਈ ਛਾਬੜਾ ਪੈਲੇਸ ਵਿਖੇ ਖਤਮ ਹੋਵੇਗੀ। ਇਸ ਮੈਰਾਥਨ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਸ਼ਿਰਕਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੇਲੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਵਿਰਾਸਤੀ ਵਸਤਾਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ। ਮੇਲੇ ਦੌਰਾਨ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਵਲੋਂ ਗੱਤਕਾ ਅਤੇ ਵੇਰਕਾ ਮਿਲਕ ਪਲਾਂਟ ਵਲੋਂ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਸਿਹਤਮੰਦ ਵਸਤਾਂ ਖਾਣ ਲਈ ਪ੍ਰੇਰਿਤ ਅਤੇ ਸਿਹਤ ਉੱਤੇ ਮਾੜਾ ਪ੍ਰਭਾਵ ਪਾਉਣ ਵਾਲੀਆਂ ਵਸਤਾਂ ਤੋਂ ਗੁਰੇਜ਼ ਕਰਵਾਉਣਾ ਹੈ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਹੋਟਲ ਅਤੇ ਢਾਬਿਆਂ ਦੇ ਮਾਲਕ ਆਪਣੀ ਦੁਕਾਨ ਅੰਦਰ ਫੂਡ ਸੇਫ਼ਟੀ ਲਾਇਸੰਸ ਰੱਖਣਾ ਜ਼ਰੂਰੀ ਬਣਾਉਣ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਕਿਸੇ ਵੀ ਪ੍ਰਕਾਰ ਦੇ ਖੁੱਲ੍ਹੇ ਮਸਾਲੇ ਵੇਚ ਅਤੇ ਹੋਟਲ ਤੇ ਢਾਬੇ ਵਾਲੇ ਖੁੱਲ੍ਹੇ ਮਸਾਲਿਆਂ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੌਰਾਨ ਆਈਐਚਐਮ ਵਲੋਂ ਲਾਇਵ ਕਿਚਨ ਰਾਹੀਂ ਚੰਗੀਆਂ ਅਤੇ ਸਿਹਤਮੰਦ ਵਸਤਾਂ ਬਣਾ ਕੇ ਖਾਣ ਲਈ ਸੁਨੇਹਾ ਦਿੱਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਮੌੜ ਸ਼੍ਰੀ ਵਰਿੰਦਰ ਸਿੰਘ, ਐਸਡੀਐਮ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਸਿਹਤ ਅਫ਼ਸਰ ਮੈਡਮ ਊਸ਼ਾ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮੇਵਾ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਮਨੈਜ਼ਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ, ਰੈਡ ਕਰਾਸ ਸੈਕਟਰੀ ਸ਼੍ਰੀ ਦਰਸ਼ਨ ਕੁਮਾਰ, ਵੇਰਕਾ ਦੇ ਜਨਰਲ ਮੈਨੇਜ਼ਰ ਰਾਕੇਸ਼ ਗੁਪਤਾ, ਇੰਡੀਅਨ ਹੋਟਲ ਮੈਨੇਜ਼ਮੈਂਟ ਕੋਆਰਡੀਨੇਟਰ ਸ੍ਰੀਮਤੀ ਰੀਤੂ ਬਾਲਾ ਗਰਗ, ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸਤੀਸ਼ ਅਰੋੜਾ, ਢਾਂਬਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਨੀ, ਸਪੋਰਟਸ ਕਿੰਗ (ਜੀਦਾ) ਦੇ ਜਨਰਲ ਮੈਨੇਜ਼ਰ ਸ਼੍ਰੀ ਰਜਿੰਦਰ ਪਾਲ ਤੋਂ ਇਲਾਵਾ ਦੋਧੀ ਯੂਨੀਅਨ ਆਦਿ ਵੱਖ-ਵੱਖ ਵਪਾਰਕ ਉਦਯੋਗਾਂ ਦੇ ਨੁਮਾਇੰਦੇ ਹਾਜ਼ਰ ਸਨ।
Share the post "ਸਿਹਤਮੰਦ ਖਾਣੇ ਦੀ ਮਹੱਤਤਾ ਦੇ ਮੱਦੇਨਜ਼ਰ ਕਰਵਾਇਆ ਜਾਵੇਗਾ ਈਟ ਰਾਈਟ ਮੇਲਾ : ਡਿਪਟੀ ਕਮਿਸ਼ਨਰ"