ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 31 ਅਗਸਤ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਹਸਪਤਾਲਾਂ ਵਿੱਚ ਅਤੇ ਛੁੱਟੀ ਮਿਲਣ ਉਪਰੰਤ ਮਰੀਜਾਂ ਦੀ ਦੇਖਭਾਲ ਕਰਨ ਵਾਲੇ ਉਹਨਾਂ ਦੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਮਰੀਜ ਦੀ ਦੇਖਭਾਲ ਲਈ ਮੁਢਲੀ ਜਾਣਕਾਰੀ ਦੇਣ ਲਈ ਕੇਅਰ ਕੰਮਪੈਨੀਅਨ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ ਹੈ । ਇਹ ਪ੍ਰੋਗਰਾਮ ਸ਼ੁਰੂਆਤੀ ਤੌਰ ਤੇ ਪੰਜਾਬ ਦੇ ਜਿਲਾ ਮੋਗਾ ਅਤੇ ਫਿਰੋਜਪੁਰ ਤੋਂ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਸਬੰਧੀ ਚੰਡੀਗੜ ਵਿਖੇ ਕਰਵਾਈ ਗਈ ਟਰੇਨਿੰਗ ਉਪਰੰਤ ਸਿਹਤ ਵਿਭਾਗ ਪੰਜਾਬ ਦੇ ਪਿ੍ਰੰਸੀਪਲ ਸੈਕਟਰੀ ਸ਼੍ਰੀ ਅਜੋਏ ਸ਼ਰਮਾ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਰਣਜੀਤ ਸਿੰਘ ਘੋਤੜਾ ਨੇ ਪ੍ਰਤਿਭਾਗੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਹੱਲਾਸ਼ੇਰੀ ਦਿੱਤੀ । ਇਸ ਮੌਕੇ ਕੇਅਰ ਕੰਮਪੈਨੀਅਨ ਪ੍ਰੋਗਰਾਮ ਦੇ ਪੰਜਾਬ ਇੰਚਾਰਜ ਡਾ. ਬਲਜੀਤ ਕੌਰ, ਨੂਰਾ ਹੈਲਥ ਦੇ ਕੋ ਫਾਊਂਡਰ ਅਤੇ ਸੀਈੳ ਸਾਹਿਦ ਅਲਾਮ, ਅਨੰਦ ਕੁਮਾਰ ਡਾਇਰੈਕਟਰ ਯੋਸਐਡ, ਨੌਰਾ ਹੈਲਥ ਟੀਮ ਦੇ ਮੈਡਮ ਨੀਨਾ, ਹੁਮਾ ਸੁਲੇਮਨ, ਸਪਨਾ ਰਾਏ, ਅੰਕਿਤਾ, ਨੈਨਾ ਆਦਿ ਹਾਜਰ ਸਨ ।
ਕੇਅਰ ਕੰਮਪੈਨੀਅਨ ਪ੍ਰੋਗਰਾਮ ਦੇ ਪੰਜਾਬ ਇੰਚਾਰਜ ਅਸਿਸਟੈਂਟ ਡਾਇਰੈਕਟਰ ਡਾ. ਬਲਜੀਤ ਕੌਰ ਨੇ ਦੱੱਸਿਆ ਕਿ ਕੇਅਰ ਕੰਮਪੈਨੀਅਨ ਪ੍ਰੋਗਰਾਮ ਮਰੀਜਾਂ, ਉਹਨਾਂ ਦੇ ਸਕੇ ਸਬੰਧੀਆਂ ਅਤੇ ਸਿਹਤ ਸੰਸਥਾਵਾਂ ਦੇ ਸਟਾਫ ਲਈ ਇਨਾ ਵਧੀਆ ਪ੍ਰੋਗਰਾਮ ਹੈ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਸਿਹਤ ਤੰਤਰ ਦੀ ਰੀੜ ਦੀ ਹੱਡੀ ਬਣੇਗਾ । ਉਹਨਾਂ ਦੱੱਸਿਆ ਕਿ ਇਹ ਪ੍ਰੋਗਰਾਮ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਐਨ.ਜੀ.ੳ. ਸੰਸਥਾ ਨੂਰਾ ਹੈਲਥ ਅਤੇ ਯੋਸਐਡ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਸਬੰਧੀ ਬੀਤੇ ਦਿਨੀਂ ਚੰਡੀਗੜ ਵਿਖੇ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਿਲਾ ਮੋਗਾ ਅਤੇ ਫਿਰੋਜਪੁਰ ਦੇ 26 ਕਮਿਊਨਿਟੀ ਹੈਲਥ ਅਫਸਰਾਂ ਦੇ ਨਾਲ ਸੰਜੀਵ ਸ਼ਰਮਾ ਡਿਪਟੀ ਮਾਸ ਮੀਡੀਆ ਅਫਸਰ ਫਰੀਦਕੋਟ ਅਤੇ ਲਖਵਿੰਦਰ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ ਢੁੱੱਡੀਕੇ ਨੂੰ ਵੀ ਵਿਸ਼ੇਸ ਤੌਰ ਤੇ ਨੂਰਾ ਹੈਲਥ ਸੰਸਥਾ ਵੱਲੋਂ ਟਰੇਨਿੰਗ ਦਿੱਤੀ ਗਈ । ਇਸ ਟਰੇਨਿੰਗ ਦੌਰਾਨ ਜੱਚਾ ਅਤੇ ਬੱਚਾ ਦੀ ਸਾਂਭ ਸੰਭਾਲ ਅਤੇ ਐਨ.ਸੀ.ਡੀ. ਦੀਆਂ ਬਿਮਾਰੀਆਂ ਦੌਰਾਨ ਦੇਖਰੇਖ ਸਬੰਧੀ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇਣ ਲਈ ਟਰੇਂਡ ਕੀਤਾ ਗਿਆ । ਡਾ. ਬਲਜੀਤ ਕੌਰ ਨੇ ਦੱੱਸਿਆ ਕਿ ਪਹਿਲੇ ਚਰਨ ਵਿੱਚ ਜਿਲਾ ਮੋਗਾ ਦੇ ਰੋਡੇ, ਵਾਂਦਰ, ਹਰੀਏ ਵਾਲਾ, ਹਿੰਮਤਪੁਰਾ, ਕੁਸਾ, ਦੌਧਰ, ਕੋਕਰੀ ਹੇਰਾਂ, ਚੂਹੜ ਚੱਕ, ਰੰਡਿਆਲਾ, ਕੜਿਆਲ, ਰਾੳਵਾਲ. ਖੋਸਾ ਪਾਂਡੋਂ, ਜੈਮਲਵਾਲਾ ਅਤੇ ਜਿਲਾ ਫਿਰੋਜਪੁਰ ਦੇ ਮਹਾਲਮ, ਬਾਰੇਕੇ, ਰੁਕਣੇਵਾਲਾ, ਸਾਹਾਂਕੇ, ਖਾਨਪੁਰ, ਪਿਆਰੇਆਣਾ, ਚੁਗਾਠੇਵਾਲਾ, ਚੁੱਗਾ, ਕੋਹਰ ਸਿੰਘ ਵਾਲਾ, ਮੋਹਨ ਕੇ ਹਥਿਆਰ, ਸੁਨੇਰ, ਲਹਿਰਾ ਰੋਹੀ ਅਤੇ ਮੱੱਲੋਕੇ ਹੈਲਥ ਵੈਲਨੈਸ ਸੈਂਟਰਾਂ ਤੇ ਇਹ ਪ੍ਰੋਗਰਾਮ ਚਲਾਇਆ ਜਾਵੇਗਾ । ਇਸ ਉਪਰੰਤ ਬਾਕੀ ਹੈਲਥ ਵੈਲਨੈਸ ਸੈਂਟਰਾਂ ਨਾਲ ਉਪਰੋਕਤ ਸੈਟਰਾਂ ਦਾ ਮੁਲਾਂਕਣ ਕਰਨ ਉਪਰੰਤ ਇਹ ਪ੍ਰੋਗਰਾਮ ਬਾਕੀ ਸਾਰੇ ਹੈਲਥ ਵੈਲਨੈਸ ਸੈਂਟਰਾਂ ਤੇ ਸ਼ੁਰੂ ਕੀਤਾ ਜਾਵੇਗਾ । ਲਖਵਿੰਦਰ ਸਿੰਘ ਬਲਾਕ ਐਜੂਕੇਟਰ ਢੁੱੱਡੀਕੇ ਨੇ ਦੱੱਸਿਆ ਕਿ ਆਮ ਲੋਕਾਂ ਨੂੰ ਜਾਣਕਾਰੀ ਦੇਣ ਉਪਰੰਤ ਇੱਕ ਕਾਰਡ ਦਿੱਤਾ ਜਾਵੇਗਾ ਜਿਸ ਉਪਰ ਇੱੱਕ ਟੋਲ ਫਰੀ ਨੰਬਰ ਦਿੱਤਾ ਗਿਆ ਹੈ, ਇਸ ਨੰਬਰ ਉਪਰ ਮਿਸ ਕਾਲ ਕਰਨ ਤੇ ਨੂਰਾ ਹੈਲਥ ਵੱਲੋਂ ਤਿਆਰ ਸਿਸਟਮ ਰਾਹੀਂ ਮਰੀਜ ਦੇ ਮੋਬਾਈਲ ਤੇ ਰੋਜਾਨਾ ਬਿਮਾਰੀ ਤੋਂ ਬਚਾਅ ਅਤੇ ਮਰੀਜ ਦੀ ਦੇਖਰੇਖ ਸਬੰਧੀ ਜਾਣਕਾਰੀ ਭਰਪੂਰ ਮੁਫਤ ਮੈਸਜ ਸੇਵਾ ਸੁਰੂ ਹੋ ਜਾਵੇਗੀ ।
Share the post "ਸਿਹਤ ਵਿਭਾਗ ਦੇ ਕੇਅਰ ਕੰਮਪੈਨੀਅਨ ਪ੍ਰੋਗਰਾਮ ਦੀ ਮੋਗਾ ਅਤੇ ਫਿਰੋਜਪੁਰ ਤੋਂ ਸ਼ੁਰੂਆਤ"