ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਸਾਰੇ ਲੋਕ ਫੂਡ ਸੇਫਟੀ ਰਜਿਸਟ੍ਰੇਸ਼ਨ ਜਰੂਰ ਕਰਵਾਉਣ : ਡਾ ਤੇਜਵੰਤ ਸਿੰਘ ਢਿੱਲੋਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਅਕਤੂਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਤੇ ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫਸਰ ਦੀ ਪ੍ਰਧਾਨਗੀ ਵਿੱਚ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਅਧੀਨ ਜਿਲ੍ਹੇ ਤੋਂ ਛੋਟੇ ਕਰਿਆਣਾ ਮਰਚੈਂਟਸ ਅਤੇ ਰੇਹੜੀ ਵਾਲਿਆਂ ਨੂੰ ਰਜਿਸਟ੍ਰੇਸ਼ਨ ਸਬੰਧੀ ਜਾਗਰੂਕ ਕਰਨ ਕਰਨ ਲਈ ਟ੍ਰੇਨਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਊਸ਼ਾ ਨੇ ਦੱਸਿਆ ਕਿ ਫੋਸਟੈਕ ਦੇ ਟ੍ਰੇਨਰਾਂ ਦੀ ਸਹਿਯੋਗ ਨਾਲ ਟ੍ਰੇਨਿੰਗ ਦੌਰਾਨ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਲਾਈਸੈਂਸ/ਰਜਿਸਟ੍ਰੇਸ਼ਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਕਿ ਇਹ ਕਰਵਾਉਣਾ ਕਿਉਂ ਜਰੂਰੀ ਹੈ। ਇਸ ਸਮੇਂ ਸਾਰਿਆਂ ਦੀ ਰਜਿਸਟ੍ਰੇਸ਼ਨ ਵੀ ਅਪਲਾਈ ਕਰਵਾਈ ਗਈ। ਇਸ ਸਮੇਂ ਡਾ ਊਸ਼ਾ ਗੋਇਲ ਨੇ ਕਿਹਾ ਕਿ ਫੂਡ ਸੇਫਟੀ ਅਧੀਨ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ ਹੈ। ਉਨ੍ਹਾ ਦੱਸਿਆ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਨੂੰ ਫੌਸਟੈਕ ਟ੍ਰੇਨਿੰਗ ਪ੍ਰਾਪਤ ਕਰਨੀ ਜਰੂਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਵੱਖਵੱਖ ਜਗ੍ਹਾ ਤੇ ਈਟ ਰਾਈਟ ਕੈਂਪਸ ਬਣਾਏ ਜਾਣਗੇ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਦੇ ਚਾਲਕ ਸਿਰਫ ਇਨ੍ਹਾਂ ਕੈਂਪਾ ਤੇ ਹੀ ਖਾਣ ਪੀਣ ਦੇ ਸਮਾਨ ਦੀ ਵਿਕਰੀ ਕਰ ਸਕਣਗੇ ਅਤੇ ਫੂਡ ਸੇਫਟੀ ਸਟੈਂਡਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਖਾਣ ਪੀਣ ਦੇ ਸਮਾਨ ਦੀ ਵਿਕਰੀ ਕਰਨਗੇ। ਵਿਨੋਦ ਖੁਰਾਣਾ ਅਤੇ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਖਰੀਦ ਕਰਨ ਸਮੇਂ ਧਿਆਨ ਰੱਖਿਆ ਜਾਵੇ ਅਤੇ ਸਾਫ ਸੁਥਰੀਆਂ ਅਤੇ ਮਿਆਰੀ ਚੀਜਾਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਨਵਦੀਪ ਸਿੰਘ ਅਤੇ ਦਿਵਿਆ ਗੋਸਵਾਮੀ ਫੂਡ ਸੇਫਟੀ ਅਫਸਰ ਹਾਜਰ ਸਨ।
Share the post "ਸਿਹਤ ਵਿਭਾਗ ਵਲੋਂ ਕਰਿਆਣਾ ਮਰਚੈਂਟ ਅਤੇ ਰੇਹੜੀ ਵਾਲਿਆਂ ਨੂੰ ਜਾਗਰੂਕਤਾ ਸਮਾਗਮ ਅਤੇ ਟ੍ਰੇਨਿੰਗ ਆਯੋਜਨ"