ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ ਦੀ ਅਗਵਾਈ ਹੇਠ ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਊਂਸਲਰ ਚਰਨਪਾਲ ਕੌਰ ਅਤੇ ਬਲਾਕ ਐਜੂਕੇਟਰ ਪਵਨਜੀਤ ਕੌਰ ਵਲੋਂ ਗਰਭਵਤੀ ਮਹਿਲਾਵਾਂ, ਗਰਭ ’ਚ ਪਲ ਰਹੇ ਬੱਚੇ ਅਤੇ ਦੁੱਧ ਪਿਲਾ ਰਹੀਆਂ ਮਾਵਾਂ ਵਾਸਤੇ ਲੋੜੀਂਦੀ ਪੌਸ਼ਟਿਕ ਖੁਰਾਕ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬਦਲ ਰਹੀ ਜੀਵਨ ਸ਼ੈਲੀ ਨਾਲ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਰਹੀਆਂ ਹਨ, ਜਿਸ ਕਾਰਨ ਜਾਣੇ-ਅਣਜਾਣੇ ਵਿਚ ਬਹੁਤ ਸਾਰੇ ਜ਼ਰੂਰੀ ਖੁਰਾਕੀ ਤੱਤ ਸਾਡੇ ਭੋਜਨ ਵਿਚ ਸ਼ਾਮਲ ਨਹੀਂ ਹੋ ਪਾਉਂਦੇ।ਸਿਹਤ ਦੇ ਸੰਪੂਰਨ ਵਿਕਾਸ ਲਈ ਹਰ ਰੋਜ਼ ਦਾ ਭੋਜਨ ਸੰਤੁਲਿਤ ਭੋਜਨ ਹੋਣਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਸਾਰੇ ਤਰ੍ਹਾਂ ਦੇ ਤੱਤ ਮਿਲ ਸਕਣ।ਵਿਸ਼ੇਸ਼ ਕਰ ਗਰਭਵਤੀ ਔਰਤਾਂ ਆਇਰਨ ਅਤੇ ਫਾਈਵਰ ਯੁਕਤ ਭੋਜਨ ਦੀ ਵਰਤੋਂ ਕਰਨ ਤਾਂ ਜੋ ਗਰਭ ਅਵਸਥਾ ਸਮੇਂ ਖੂਨ ਦੀ ਕਮੀ ਨਾ ਹੋਵੇ।ਗਰਭਵਤੀ ਔਰਤਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਗਰਭ ਅਵਸਥਾ ਸਮੇਂ ਅਤੇ ਬੱਚੇ ਨੂੰ ਜਨਮ ਹੋਣ ਉਪਰੰਤ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਹਰ ਰੋਜ਼ ਖਾਣੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।ਇਸ ਦੇ ਨਾਲ ਹੀ ਉਨ੍ਹਾਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੇ ਦੰਦਾਂ ਦੀ ਵਿਸ਼ੇਸ਼ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।ਦੰਦਾਂ ਦੇ ਨਾਲ ਨਾਲ ਜੀਭ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭੋਜਨ ਦਾ ਵੀ ਦੰਦਾਂ ਦੀ ਸੁਰੱਖਿਆ ਵਿਚ ਵੱਡਾ ਯੋਗਦਾਨ ਹੁੰਦਾ ਹੈ। ਹਰ ਤਰ੍ਹਾਂ ਦੀ ਸਫ਼ਾਈ, ਚਾਕਲੇਟ, ਟੌਫੀ, ਕਾਰਬੋਨੇਟਿਡ ਡਰਿੰਕਸ, ਫਾਸਟ ਫੂਡ ਵਰਗੀਆਂ ਮਾੜੀਆਂ ਚੀਜ਼ਾਂ ਦਾ ਸਰੀਰ ਦੇ ਹੋਰ ਅੰਗਾਂ ਦੇ ਨਾਲ ਨਾਲ ਦੰਦਾਂ ’ਤੇ ਵੀ ਮਾੜਾ ਅਸਰ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖਾਣ ਦੀ ਆਦਤ ਪੈਣ ਤੋਂ ਬਚਾਉਣਾ ਚਾਹੀਦਾ ਹੈ।ਇਸ ਮੌਕੇ ਮੈਟਰਨ ਦਲਜੀਤ ਕੌਰ ਤੇ ਪਰਮਜੀਤ ਸਿੱਧੂ ਸਮੇਤ ਸਿਹਤ ਸਟਾਫ਼ ਮੈਂਬਰ ਅਤੇ ਗਰਭਵਤੀ ਔਰਤਾਂ ਹਾਜ਼ਰ ਸਨ।
Share the post "ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ"