ਸੁਖਜਿੰਦਰ ਮਾਨ
ਬਠਿੰਡਾ 12 ਜੁਲਾਈ: ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਰਾਹੀਂ ਸਵੈ-ਇੱਛੁਕ ਖੂਨਦਾਨ ਪ੍ਰੋਗਰਾਮ ਦੇ ਪ੍ਰਚਾਰ ਅਤੇ ਖੂਨਦਾਨ ਦੀ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਸਵੈ-ਇੱਛੁਕ ਖੂਨਦਾਨੀਆਂ ਅਤੇ ਦਾਨੀਆਂ ਦੀਆਂ ਸੰਸਥਾਵਾਂ/ ਐਨਜੀਓਜ਼/ ਕਲੱਬਾਂ ਆਦਿ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ, ਸ੍ਰੀ ਰਾਜੀਵ ਆਰੋੜਾ ਡਾਇਰੈਕਟਰ ਆਲ ਇੰਡੀਆ ਰੇਡੀਓ, ਬਲੱਡ ਬੈਂਕ ਇੰਚਾਰਜ ਡਾ. ਰਿਚੀਕਾ, ਐਲ.ਟੀ. ਨੀਲਮ ਗਰਗ, ਕੌਂਸਲਰ ਵਰੁਣ, ਰਮੇਸ਼ ਅਤੇ ਬਲਾਕ ਐਜੂਕੇਟਰ ਪਵਨਜੀਤ ਕੌਰ ਹਾਜ਼ਰ ਸਨ।ਸਮਾਗਮ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਨੇ ਕਿਹਾ ਕਿ ਖੂਨਦਾਨ ਦਿਵਸ ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ।ਖ਼ੂਨਦਾਨ ਨਾ ਸਿਰਫ਼ ਖ਼ੂਨ ਪ੍ਰਾਪਤ ਕਰਨ ਵਾਲੇ ਲਈ ਹੀ ਲਾਭਦਾਇਕ ਹੁੰਦਾ ਹੈ, ਸਗੋਂ ਇਹ ਦਾਨ ਕਰਨ ਵਾਲੇ ਲਈ ਵੀ ਲਾਭਦਾਇਕ ਹੁੰਦਾ ਹੈ। ਖੂਨਦਾਨ ਕੈਂਸਰ ਦੇ ਮਰੀਜ਼ਾਂ, ਖੂਨ ਵਹਿਣ ਦੀਆਂ ਬਿਮਾਰੀਆਂ, ਅਨੀਮੀਆ ਅਤੇ ਅਨੀਮੀਆ ਨਾਲ ਸਬੰਧਤ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ।ਸੁਰੱਖਿਅਤ ਖੂਨ ਮੁਹੱਈਆ ਕਰਵਾਉਣਾ ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਕਾਰਜ਼ ਲਈ ਯੋਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ।
ਇਸ ਮੌਕੇ ਐਸ.ਐਮ.ਓ ਡਾ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਦਿਨ ਦਾ ਮੁੱਖ ਮਕਸਦ ਹੀ ਖੂਨਦਾਨੀਆਂ ਨੂੰ ਪ੍ਰੇਰਣਾ ਦੇਣਾ ਅਤੇ ਨਵੇਂ ਯੋਗ ਵਿਅਕਤੀਆਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਵਿਸ਼ਵ ਭਰ ਅੰਦਰ ਖੂਨ ਅਤੇ ਇਸ ਦੇ ਸੈਲਾਂ ਦੀ ਕਾਫ਼ੀ ਘਾਟ ਦਿਖਾਈ ਦਿੰਦੀ ਹੈ, ਜਿਸ ਨੂੰ ਸਵੈ-ਇੱਛੁਕ ਖੂਨਦਾਨੀ ਹੀ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਆਪਣੇ ਬਲੱਡ ਗਰੁੱਪ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਐਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਵੱਧ ਤੋਂ ਵੱਧ ਖੂਨਦਾਨ ਵਰਗੇ ਸਮਾਜਿਕ ਭਲਾਈ ਦੇ ਇਸ ਕਾਰਜ ਨਾਲ ਜੁੜਨ ਲਈ ਸਵੈ-ਇੱਛਤ ਖੂਨਦਾਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਦਾ ਦਿਲ ਅਤੇ ਸਰੀਰ ਫਿੱਟ ਰਹਿੰਦਾ ਹੈ। ਇਸ ਤੋਂ ਇਲਾਵਾ ਖੂਨਦਾਨ ਕਰਨਾ ਭਾਰ ਘਟਾਉਣ ਵਿਚ ਵੀ ਮੱਦਦਗਾਰ ਸਾਬਿਤ ਹੁੰਦਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਰਾਜੀਵ ਆਰੋੜਾ ਨੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਦੱਸਦਿਆਂ ਕਿਹਾ ਕਿ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਤੌਰ ’ਤੇ ਬਿਨਾਂ ਕਿਸੇ ਨਫ਼ਾ-ਨੁਕਸਾਨ ਬਾਰੇ ਸੋਚਣ ਦੀ ਬਜਾਏ ਸਵੈ-ਇੱਛਤ ਨਾਲ ਖੂਨਦਾਨ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਦਾ ਜੀਵਨ ਬਚਾਓਣ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਬੀ.ਟੀ.ਓ. ਡਾ. ਰੂਚਿਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 14 ਜੂਨ ਤੋਂ 14 ਜੁਲਾਈ 2022 ਖੂਨਦਾਨ ਸਬੰਧੀ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੁਹਿੰਮ ਦੌਰਾਨ ਸਵੈਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨਾਲ ਸਬੰਧਤ ਕਲੱਬਾਂ ਅਤੇ ਐਨਜੀਓਜ਼ ਨੂੰ ਸ਼ਾਮਲ ਕਰਕੇ ਕੈਂਪ ਲਗਾਏ ਜਾ ਰਹੇ ਹਨ।ਇਸ ਮੌਕੇ ਬਲੱਡ ਬੈਂਕ ਦੇ ਸਮੂਹ ਸਟਾਫ਼ ਨੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਹਿਮ ਯੋਗਦਾਨ ਦਿੱਤਾ।
ਸਿਹਤ ਵਿਭਾਗ ਵਲੋਂ ਵਿਸ਼ਵ ਖੂਨਦਾਨ ਦਿਵਸ ਆਯੋਜਿਤ
8 Views