ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਕਾਂਗਰਸ ’ਤੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦਾ ਦੋਸ਼ ਲਗਾਉਂਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਪਾਰਟੀ ਨੂੰ ਮੂੰਹ ਨਾ ਲਗਾਉਣ। ਅੱਜ ਜ਼ਿਲ੍ਹੇ ਦੇ ਮੋੜ ਹਲਕੇ ’ਚ ਪਾਰਟੀ ਉਮੀਦਵਾਰ ਦਿਆਲ ਸੋਢੀ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰਨ ਪੁੱਜੇ ਸ਼੍ਰੀ ਨੱਢਾ ਨੇ ਦਾਅਵਾ ਕੀਤਾ ਕਿ ਇੰਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਮੋਦੀ ਸਰਕਾਰ ਨੇ ਦਿੱਤੀ ਹੈ। ਉਨ੍ਹਾਂ ਅਪਣੇ ਭਾਸਣ ਵਿਚ ਕਿਸਾਨੀ ਮੁੱਦੇ ਨੂੰ ਚੂੱਕਦਿਆਂ ਭਾਜਪਾ ਸਰਕਾਰ ਵਲੋਂ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਗਿਣਾਇਆ। ਸ਼੍ਰੀ ਨੱਢਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ’ਚ ਪੰਜਾਬ ਵਿੱਚੋਂ ਐਮਐਸਪੀ ’ਤੇ ਲੱਖਾਂ ਟਨ ਮੀਟਰਕ ਟਨ ਅਨਾਜ਼ ਖ਼ਰੀਦਿਆਂ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ 10 ਲੱਖ ਤੋਂ ਵੱਧ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਵਿਸੇਸ਼ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਇੱਥੇ ਇੱਕ ਮਜਬੂਤ ਸਰਕਾਰ ਦੀ ਜਰੂਰਤ ਹੈ, ਜਿਹੜੀ ਦੇਸ ਵਿਰੋਧੀ ਤਾਕਤਾਂ ਨਾਲ ਲੜਣ ਦੀ ਸਮਰੱਥਾ ਰੱਖਦੀ ਹੋਵੇ। ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਦਾ ਰੁੱਖ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਇਸ ਬੁਰਾਈ ਨੂੰ ਸਖ਼ਤੀ ਨਾਲ ਖ਼ਤਮ ਕਰੇਗੀ। ਇਸੇ ਤਰ੍ਹਾਂ ਭਾਜਪਾ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਵੱਡੀ ਪ੍ਰਾਪਤੀ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੰਗਰ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਹੀ ਸਨ ਜਿਨ੍ਹਾਂ ਨੇ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਅਤੇ ਦੋਸੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ, ਜੋ ਕਾਂਗਰਸ ਦੀ ਸਹਿ ਹੇਠ ਖੁੱਲ੍ਹੇਆਮ ਘੁੰਮ ਰਹੇ ਸਨ। ਇਸ ਮੌਕੇ ਦਿਆਲ ਸਿੰਘ ਸੋਢੀ ਨੇ ਵੀ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਪੰਜਾਬ ਦੀ ਭਲਾਈ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਸਟੇਜ਼ ’ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੁਨੀਲ ਸਿੰਗਲਾ, ਵਰਿੰਦਰ ਸ਼ਰਮਾ, ਪਿ੍ਰਤਪਾਲ ਬੀਬੀਵਾਲਾ ਆਦਿ ਵੀ ਹਾਜ਼ਰ ਰਹੇ।
Share the post "ਸਿੱਖਾਂ ਦੀ ਨਸ਼ਲਕੁਸ਼ੀ ਲਈ ਕਾਂਗਰਸ ਜਿੰਮੇਵਾਰ, ਭਾਜਪਾ ਨੇ ਦਿੱਤੀ ਦੋਸ਼ੀਆਂ ਨੂੰ ਸਜ਼ਾ : ਨੱਢਾ"