10 Views
ਜਾਰੀ ਪੱਤਰ ਮੁਤਾਬਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 4 ਅਪਰੈਲ: ਸਿੱਖਿਆ ਮੰਤਰੀ ਦੀ ਬਰਨਾਲਾ ਸਥਿਤ ਰਹਾਇਸ਼ ਅੱਗੇ ਪਰਿਵਾਰਾਂ ਸਮੇਤ ਬੈਠੇ ਅਧਿਆਪਕਾਂ ਵਿਰੁੱਧ ਕਾਰਵਾਈ ਦੇ ਆਦੇਸ਼ਾਂ ਵਾਲੇ ਪੱਤਰ ‘ਤੇ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅਧਿਆਪਕ ਜਥੇਬੰਦੀਆਂ ਨੇ ਨਵੀਂ ਸਰਕਾਰ ਉਪਰ ਸੰਘਰਸ਼ੀ ਅਧਿਆਪਕਾਂ ਨਾਲ ਗੰਭੀਰ ਪੱਧਰ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕੱਢਣ ਦੇ ਜਮਹੂਰੀ ਢੰਗ ਤਰੀਕੇ ਦੀ ਥਾਂ, ਸਿੱਖਿਆ ਮੰਤਰੀ ਵੱਲੋਂ ਦਫਤਰ ਡੀਪੀਆਈ (ਐ: ਸਿੱ:) ਰਾਹੀਂ ਅਧਿਆਪਕਾਂ ਨੂੰ ਧਮਕਾਊ ਨੋਟਿਸ ਜਾਰੀ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਜਨਰਲ ਸਕੱਤਰ ਰਾਜੇਸ਼ ਮੋਂਗਾ, ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਆਦਿ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਬਦਲੀ ਨੀਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਜ਼ਾਰਾਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ, ਨੀਤੀ ਤੋਂ ਉਲਟ ਜਾ ਕੇ ਪਿਛਲੇ ਡੇਢ ਸਾਲ ਤੋਂ ਵੱਖ ਵੱਖ ਕਾਰਨਾਂ ਤਹਿਤ ਲਾਗੂ ਨਹੀਂ ਕੀਤਾ ਗਿਆ ਹੈ। ਸਗੋ ਅੰਤਰ ਜ਼ਿਲ੍ਹਾ ਬਦਲੀਆਂ ਕਰਵਾਉਣ ਵਾਲੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਬਦਲੀ ਉਪਰੰਤ ਨਵੇਂ ਸਟੇਸ਼ਨ ‘ਤੇ ਹਾਜ਼ਰ ਕਰਵਾ ਕੇ, ਮੁੜ ਤੋਂ ਸੈਂਕੜੇ ਕਿਲੋਮੀਟਰ ਦੂਰ ਪੁਰਾਣੇ ਸਟੇਸ਼ਨਾਂ ਉੱਪਰ ਡੈਪੂਟੇਸ਼ਨ ਲਗਾ ਦਿੱਤੀ ਗਈ। ਲੋਕ ਪੱਖੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਤੋਂ ਆਪਣਾ ਮਸਲਾ ਹੱਲ ਕਰਵਾਉਣ ਦੀ ਆਸ ਨਾਲ, ਮੰਤਰੀ ਦੇ ਦਰ ‘ਤੇ ਪਹੁੰਚੇ ਅਧਿਆਪਕਾਂ ਨਾਲ ਕੀਤੇ, ਅਜਿਹੇ ਗ਼ੈਰ ਜਮਹੂਰੀ ਅਤੇ ਧੱਕੜ ਰਵੱਈਏ ਨੂੰ ਪੰਜਾਬ ਦੀ ਇਨਸਾਫ਼ ਪਸੰਦ ਅਤੇ ਜੁਝਾਰੂ ਅਧਿਆਪਕ ਲਹਿਰ, ਕਿਸੇ ਕੀਮਤ ਸਹਿਣ ਨਹੀਂ ਕਰੇਗੀ। ਡੀ ਟੀ ਐਫ ਨੇ ਸਿੱਖਿਆ ਮੰਤਰੀ ਤੋਂ ਇਸ ਧਮਕਾਊ ਨੋਟਿਸ ਨੂੰ ਫੌਰੀ ਵਾਪਸ ਲੈਣ ਅਤੇ ਅਧਿਆਪਕਾਂ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀਆਂ, ਸਿੱਖਿਆ ਮੰਤਰੀ ਖਿਲਾਫ਼ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।
Share the post "ਸਿੱਖਿਆ ਮੰਤਰੀ ਦੇ ਆਦੇਸ਼ਾਂ ‘ਤੇ ਵਿਭਾਗ ਵਲੋਂ ਜਾਰੀ ਪੱਤਰ ਤੋਂ ਬਾਅਦ ਅਧਿਆਪਕਾਂ ‘ਚ ਗੁੱਸੇ ਦੀ ਲਹਿਰ"