ਪੰਜਾਬ ਭਰ ਚੋਂ ਮਾਨਸਾ ਦੇ ਵਿਦਿਆਰਥੀਆਂ ਦਾ ਪਹਿਲੇ, ਦੂਜੇ ਨੰਬਰ ’ਤੇ ਆਉਣਾ ਵੱਡੀ ਪ੍ਰਾਪਤੀ- ਡਿਪਟੀ ਕਮਿਸ਼ਨਰ ਬਲਦੀਪ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 12 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਸਿੱਖਿਆ ਵਿਭਾਗ ਵੱਲ੍ਹੋਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਉਨ੍ਹਾਂ 27 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿੰਨਾਂ ਨੇ ਨਾ ਸਿਰਫ ਪੰਜਵੀਂ ਜਮਾਤ ਵਿਚੋਂ 500/500 ਅੰਕ ਹਾਸਲ ਕੀਤੇ, ਸਗੋਂ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਪੂਰੇ ਪੰਜਾਬ ਚ ਰੋਸ਼ਨ ਕੀਤਾ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਸਿੱਖਿਆ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬ ਭਰ ਚ 600 ਤੋਂ ਵੱਧ ਵਿਦਿਆਰਥੀਆਂ ਦੇ ਸੌ ਫੀਸਦੀ ਨੰਬਰ ਆਉਣੇ ਇਹ ਪੰਜਾਬ ਸਰਕਾਰ ਦੀ ਸਿੱਖਿਆ ਖੇਤਰ ਪ੍ਰਤੀ ਗੰਭੀਰਤਾ ਅਤੇ ਮਿਆਰੀ ਸਿੱਖਿਆ ਦੀ ਸ਼ੁਰੂਆਤ ਹੈ,ਜਿਸ ਦੇ ਭਵਿੱਖ ਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ ਪ੍ਰਤੀ ਯਤਨਾਂ ਨੂੰ ਬੂਰ ਪੈਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨਾਲ ਸਬੰਧਿਤ 27 ਵਿਦਿਆਰਥੀਆਂ ਨੇ 500/500 ਅੰਕ ਹਾਸਲ ਕਰਕੇ ਜਿਥੇ ਵੱਡਾ ਨਾਮਣਾ ਖੱਟਿਆ ਹੈ,ਉਥੇ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ(ਕੋਠੇ) ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪੰਜਾਬ ਭਰ ਚੋਂ ਪਹਿਲਾ ਅਤੇ ਨਵਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਨੂੰ ਪੂਰੇ ਪੰਜਾਬ ਭਰ ਚ ਚਮਕਾ ਦਿੱਤਾ। ਇਸ ਤੋਂ ਇਲਾਵਾ ਝੰਡਾ ਕਲਾਂ ਸਕੂਲ ਦੇ 6 ਵਿਦਿਆਰਥੀਆਂ ਸਮੇਤ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਸੌ ਫੀਸਦੀ ਨੰਬਰ ਹਾਸਲ ਕਰਨਾ ਸੱਚਮੁੱਚ ਅਧਿਆਪਕਾਂ ਦੀ ਵੱਡੀ ਮਿਹਨਤ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ, ਵਿਦਿਆਰਥੀਆਂ ਦੀ ਇਹ ਮਿਹਨਤ ਦਾ ਸਿੱਟਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਭਰ ਚ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਵੀਂ ਜਮਾਤ ਦੇ ਨਾਲ-ਨਾਲ ਹੋਰਨਾਂ ਜਮਾਤਾਂ ਦੇ ਬੇਹਤਰ ਨਤੀਜਿਆਂ ਲਈ ਉਨ੍ਹਾਂ ਸਾਹਮਣਾ ਵੱਡਾ ਚੈਲਿੰਜ ਸੀ,ਪਰ ਉਨ੍ਹਾਂ ਦੇ ਮਿਹਨਤੀ ਅਧਿਆਪਕਾਂ, ਵਿਦਿਆਰਥੀਆਂ ਨੇ ਇਸ ਚੈਲਿੰਜ ਨੂੰ ਕਬੂਲਦਿਆਂ ਪੜ੍ਹਾਈ ਦੇ ਮਿਆਰ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ ਅਤੇ ਭਵਿੱਖ ਚ ਉਨ੍ਹਾਂ ਦੇ ਵਿਦਿਆਰਥੀ ਕੁਆਲਟੀ ਐਜੂਕੇਸ਼ਨ ਚ ਨੰਬਰ ਵਨ ਹੋਣਗੇ ਅਤੇ ਖੇਡਾਂ, ਸਭਿਆਚਾਰ, ਸਾਹਿਤਕ ਅਤੇ ਹੋਰਨਾਂ ਖੇਤਰਾਂ ਚ ਵੀ ਵੱਡੀਆਂ ਉਪਲਬਧੀਆਂ ਹਾਸਲ ਕਰਨਗੇ।ਸਨਮਾਨ ਸਮਾਰੋਹ ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲ੍ਹੋਂ ਸਿੱਖਿਆ ਖੇਤਰ ਦੀ ਪ੍ਰਫੁੱਲਤਾਂ ਲਈ ਹਰ ਯਤਨ ਕੀਤੇ ਜਾਣਗੇ, ਉਨ੍ਹਾਂ ਦੇ ਮੰਚ ਵੱਲ੍ਹੋਂ ਮਿਆਰੀ ਸਿੱਖਿਆ ਲਈ ਸਹਿਯੋਗ ਦੇ ਨਾਲ ਨਾਲ ਪ੍ਰਾਇਮਰੀ ਪੱਧਰ ’ਤੇ ਖੇਡਾਂ ਦੀ ਪ੍ਰਫੁੱਲਤਾਂ ਲਈ ਨਵੇਂ ਸ਼ੈਸਨ ਤੋਂ ਹੀ ਖੇਡ ਸਰਗਰਮੀਆਂ ਦਾ ਮੁੱਢ ਬੰਨ੍ਹ?ਆ ਹੈ ਅਤੇ ਪੰਜਾਬ ਚੋਂ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਭਰ ਚ ਖੇਡ ਕੈਂਪਾਂ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।ਸਨਮਾਨ ਸਮਾਰੋਹ ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ, ਬਲਾਕ ਸਿੱਖਿਆ ਅਫਸਰ ਅਮਨਦੀਪ ਸਿੰਘ, ਲਖਵਿੰਦਰ ਸਿੰਘ ਸਰਦੂਲਗੜ੍ਹ,ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ,ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ,ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ,ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆਂ, ਅਕਬਰ ਬੱਪੀਆਣਾ, ਭੁਪਿੰਦਰ ਤੱਗੜ,ਰਣਧੀਰ ਸਿੰਘ ਆਦਮਕੇ, ਡਾ ਗੁਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Share the post "ਸਿੱਖਿਆ ਵਿਕਾਸ ਮੰਚ ਮਾਨਸਾ ਦਾ ਨਿਵੇਕਲਾ ਉਪਰਾਲਾ,ਪੰਜਵੀਂ ਚੋਂ ਸੌ ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ"