ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸਾਹਿਬਾਨਾਂ ਉਪਰ ਭਾਰੀ ਪੁਲਿਸ ਸੁਰੱਖਿਆ ਬਲ ਤੈਨਾਤ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ਸਿੱਖ ਦੀ ਗੁਰੂ ਨਾਲ ਪ੍ਰੀਤ ਹੈ ਤੇ ਜਿਸਦੇ ਚੱਲਦੇ ਉਹ ਲੱਖ ਔਕੜਾਂ ਦੇ ਬਾਵਜੂਦ ਅਪਣੇ ਗੁਰੂ ਕੋਲ ਪੁੱਜ ਜਾਂਦਾ ਹੈ। ’’ ਉਨ੍ਹਾਂ ਇਸਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਨੂੰ ਅਜਾਦ ਕਰਵਾਉਣ ਵਿਚ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਹੁਣ ਅਜਾਦ ਭਾਰਤ ਵਿਚ ਇਹ ਰੋਕਾਂ ਲਗਾਉਣੀਆਂ ਠੀਕ ਨਹੀਂ ਹੈ। ਉਨ੍ਹਾਂ ਸਰਕਾਰਾਂ ਨੂੰ ਅਜਿਹਾ ਕਰਨ ਤੋਂ ਸੰਕੋਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 1984 ਤੋਂ ਬਾਅਦ ਪਹਿਲੀ ਵਾਰ ਇੰਨੀਆਂ ਸਖ਼ਤ ਪਾਬੰਦੀਆਂ ਲਗਾਈਆਂ ਹਨ। ਪ੍ਰਧਾਨ ਸ: ਧਾਮੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਕੁੱਝ ਸਿਆਸੀ ਧਿਰਾਂ ਆਗਾਮੀ ਜਲੰਧਰ ਲੋਕ ਸਭਾ ਉਪ ਚੋਣ ਵਿਚ ਸਿਆਸੀ ਫ਼ਾਈਦਾ ਖੱਟਣ ਦੇ ਲਈ ਕਰ ਰਹੀਆਂ ਹਨ ਪ੍ਰੰਤੂ ਇਸਦੇ ਨਾਲ ਪੰਜਾਬ ਦਾ ਦੇਸ ਭਰ ਵਿਚ ਅਕਸ ਧੁੰਦਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸਾਖੀ ਜੋੜ ਮੇਲੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕਰਨ ਆਏ ਸਰਧਾਲੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ’ਚ ਵਿਚ ਕੋਈ ਗੜਬੜੀ ਜਾਂ ਅਸ਼ਾਂਤੀ ਵਾਲਾ ਮਸਲਾ ਨਹੀ ਹੈ ਪਰੰਤੁ ਜਾਣਬੁੱਝ ਕੇ ਇਸਨੂੰ ਬਦਨਾਮ ਕਰਨ ਦੀ ਕੋਝੀ ਸਿਆਸਤ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਤੇ ਕੁੱਝ ਇੱਕ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਮਸਲੇ ਉਪਰ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਵਲੋਂ ਟੀਮਾਂ ਬਣਾਈਆਂ ਜਾ ਚੁੱਕੀਆਂ ਹਨ ਤੇ ਇੱਕ ਟੀਮ ਡਿਬਰੂਗੜ੍ਹ ਜੇਲ੍ਹ ’ਚ ਬੰਦ ਸਿੱਖ ਨੌਜਵਾਨਾਂ ਨਾਲ ਵੀ ਮੁਲਾਕਾਤ ਵੀ ਕਰ ਚੁੱਕੀ ਹੈ। ਉਨ੍ਹਾਂ ਭਰੋਸਾ ਦਿਵਾਇਆ ਸੰਸਥਾ ਵਲੋਂ ਸਾਰੇ ਸਿੱਖ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ, ਗੁਰਪ੍ਰੀਤ ਸਿੰਘ ਝੱਬਰ ਤੋਂ ਇਲਾਵਾ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਸਨ।
Share the post "ਸਿੱਖ ਨੌਜਵਾਨਾਂ ਦੇ ਕੇਸਾਂ ’ਚ ਸ਼੍ਰੋਮਣੀ ਕਮੇਟੀ ਹਰ ਕਾਨੂੰਨੀ ਮੱਦਦ ਕਰੇਗੀ: ਪ੍ਰਧਾਨ ਧਾਮੀ"