ਸੁਖਜਿੰਦਰ ਮਾਨ
ਬਠਿੰਡਾ, 20 ਜੂਨ: ਸਿੱਖ ਬੰਦੀਆਂ ਦੀ ਰਿਹਾਈ ਲਈ ਉਠ ਰਹੀ ਮੰਗ ਦੌਰਾਨ ਅੱਜ ਬਠਿੰਡਾ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਬਾਬਾ ਰੇਸਮ ਸਿੰਘ ਖੁਖਰਾਣਾਮੋਗਾ ,ਬਾਬਾ ਬਲਦੇਵ ਸਿੰਘ ਜੋਗੇਵਾਲਾਮੋਗਾ, ਬਾਬਾ ਚਮਕੌਰ ਸਿੰਘ ਭਾਈ ਰੂਪਾ ਤੇ ਭਾਈ ਮੇਜਰ ਸਿੰਘ ਸਤਿਕਾਰ ਕਮੇਟੀ ਵੀ ਸ਼ਾਮਲ ਹੋਏ। ਇਸ ਮੌਕੇ ਸਿੱਖ ਆਗੂਆਂ ਨੇ ਦੋਸ਼ ਲਗਾਇਆ ਕਿ ਸਿੱਖ ਕੌਮ ਨਿਰਾਸਾ ਦੇ ਆਲਮ ਚੋ ਗੁਜਰ ਰਹੀ ਹੈ ਕਿਊੁਂਕਿ ਭਾਰਤ ਦੇ ਵਿੱਚ ਵੱਸਣ ਵਾਲੀਆਂ ਬਹੁ ਗਿਣਤੀ ਕੌਮਾਂ ਲਈ ਵੱਖਰੇ ਕਨੂੰਨ ਹਨ। ਘੱਟ ਗਿਣਤੀ ਲੋਕਾਂ ਲਈ ਵੱਖਰੇ ਮਾਪਦੰਡ ਅਪਣਾਏ ਜਾ ਰਹੇ ਨੇ। ਜਿਸ ਦੀ ਤਾਜਾ ਮਿਸਾਲ ਇੱਕ ਅਪਰਾਧੀ ਬਲਾਤਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਸੌਦਾ ਸਾਧ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੀ ਸੁਵਿਧਾ ਦੇਣੀ। ਪੰਜ ਕਿਸਾਨਾਂ ਦੇ ਕਾਤਲ ਕੇਂਦਰੀ ਗਿ੍ਰਹ ਰਾਜ ਮੰਤਰੀ ਦੇ ਬੇਟੇ ਅਜੈ ਮਿਸਰਾ ਟੈਣੀ ਨੂੰ ਤੁਰੰਤ ਜਮਾਨਤ ਦੇਣੀ। ਦੂਸਰੇ ਪਾਸੇ ਸਿੱਖ ਬੰਦੀਆਂ ਦੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਰਿਹਾ ਨਾ ਕਰਨਾ। ਨਾ ਕੋਈ ਛੁੱਟੀ ਨਾ ਪੈਰੋਲ ਦੇਣਾ ਇਹ ਸਿੱਧ ਕਰਦਾ ਹੈ ਕਿ ਇੱਥੇ ਘੱਟ ਗਿਣਤੀ ਲੋਕਾਂ ਲਈ ਇਨਸਾਫ ਦੀ ਆਸ ਨਹੀ ਰੱਖੀ ਜਾ ਸਕਦੀ। ਜਿਸ ਕਾਰਣ ਘੱਟ ਗਿਣਤੀ ਕੌਮਾਂ ਦੇ ਵਿੱਚ ਬਿਗਾਨਗੀ ਦੀ ਭਾਵਨਾਂ ਪੈਦਾ ਹੋਣੀ ਸੁਭਾਵਿਕ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸਤੋਂ ਇਲਾਵਾ ਸਿੱਖ ਆਗੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮੁੱਦੇ ’ਤੇ ਵੀ ਸਰਕਾਰਾਂ ਨੂੰ ਘੇਰਦਿਆਂ ਅਫ਼ਸੋਸ ਜ਼ਾਹਰ ਕੀਤਾ ਕਿ ਇਸਤੇ ਲਗਾਤਾਰ ਸਿਆਸਤ ਕਰਨ ਦੇ ਬਾਵਜੂਦ ਹਾਲੇ ਤੱਕ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਖੰਡਿਤ ਕੀਤੇ ਅੰਗਾਂ ਨੂੰ ਵੀ ਲੱਭਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥ ਕੋਲ ਸੰਘਰਸ ਤੋ ਬਿਨਾ ਕੋਈ ਚਾਰਾ ਨਹੀ ਹੈ। ਜਿਸ ਦਾ ਐਲਾਨ 24ਜੂਨ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ।
ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ ਦਾ ਐਲਾਨ
3 Views