ਸਿੱਧੂ ਦੇ ਵਿਰੋਧ ਦੇ ਬਾਵਜੂਦ ਮਾਲਵਾ ’ਚ ਕੈਪਟਨ ਦੀ ਹਾਲੇ ਵੀ ਸਰਦਾਰੀ ਕਾਇਮ!

0
12

ਮਾਲਵਾ ਪੱਟੀ ਦੇ ਬਹੁਸੰਮਤੀ ਕਾਂਗਰਸੀ ਵਿਧਾਇਕ ਕੈਪਟਨ ਨਾਲ ਡਟੇ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਅਪਣੀ ਹੀ ਪਾਰਟੀ ਦੇ ਪ੍ਰਧਾਨ ਤੇ ਸਾਥੀ ਮੰਤਰੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਰਾਹਤ ਵਾਲੀ ਗੱਲ ਇਹ ਵੀ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦੀ ਅਪਣੀ ਪਕੜ ਵਾਲੇ ਇਲਾਕੇ ਮਾਲਵਾ ਪੱਟੀ ਦੇ ਜਿਆਦਾਤਰ ਵਿਧਾਇਕ ਉਨ੍ਹਾਂ ਨਾਲ ਖੜੇ ਦਿਖ਼ਾਈ ਦੇ ਰਹੇ ਹਨ। ਬੇਸ਼ੱਕ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਖੇਮੇ ਵਿਚ ਸੰਨ ਲਗਾਉਂਦਿਆਂ ਮਾਂਝਾ ਬਿ੍ਰਗੇਡ ਨੂੰ ਪੂਰੀ ਤਰ੍ਹਾਂ ਅਪਣੇ ਨਾਲ ਜੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਮਾਝਾ ਤੇ ਦੁਆਬਾ ਖੇਤਰ ਦੇ ਮੁਕਾਬਲੇ ਸਿਆਸੀ ਤੌਰ ’ਤੇ ਤਾਕਤਵਰ ਮੰਨੇ ਜਾਂਦੇ 12 ਜ਼ਿਲ੍ਹਿਆਂ ਵਾਲੀ ਮਲਵਈ ਪੱਟੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਹਾਲੇ ਵੀ ਕਾਇਮ ਦਿਖ਼ਾਈ ਦੇ ਰਹੀ ਹੈ। ਇਸ ਖੇਤਰ ਦੇ ਜਿਆਦਾਤਰ ਕਾਂਗਰਸੀ ਵਿਧਾਇਕ ਤੇ ਮੰਤਰੀ ਪਾਰਟੀ ਦੀ ਅੰਦਰੂਨੀ ਜੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਦਿਖ਼ਾਈ ਦਿੰਦੇ ਹਨ।
ਮਾਲਵਾ ਪੱਟੀ ਦੇ 12 ਜ਼ਿਲ੍ਹਿਆਂ ਦੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤੇ ਕੁੱਲ ਤਿੰਨ ਦਰਜ਼ਨ ਵਿਧਾਇਕਾਂ ਵਿਚੋਂ 22 ਦੇ ਕਰੀਬ ਮੁੱਖ ਮੰਤਰੀ ਨਾਲ ਖੜੇ ਵਿਖ਼ਾਈ ਦਿੰਦੇ ਹਨ ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਵਿਧਾਇਕ, ਜਿੰਨ੍ਹਾਂ ਵਿਚ ਇੱਕ ਮੰਤਰੀ ਵੀ ਸ਼ਾਮਲ ਹੈ, ਹਾਲੇ ਦੋਨਾਂ ਧੜਿਆਂ ਤੋਂ ਬਰਾਬਰ ਦੂਰੀ ਬਣਾ ਕੇ ਚੱਲ ਰਹੇ ਹਨ। ਉਜ ਕੈਪਟਨ ਦਾ ਗੜ੍ਹ ਮੰਨੇ ਜਾਂਦੇ ਇਸ ਇਲਾਕੇ ਵਿਚ 9 ਦੇ ਕਰੀਬ ਵਿਧਾਇਕ ਸਿੱਧੂ ਧੜੇ ਨਾਲ ਪੂਰੀ ਤਰ੍ਹਾਂ ਜੁੜ ਗਏ ਹਨ। ਜੇਕਰ ਬਠਿੰਡਾ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਸਿਰਫ਼ ਇੱਕ ਪ੍ਰੀਤਮ ਸਿੰਘ ਕੋਟਭਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੱਡੀ ’ਤੇ ਚੜਿਆ ਹੋਇਆ ਹੈ। ਜਦੋਂਕਿ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਤੋਂ ਇਲਾਵਾ ਆਪ ਛੱਡ ਕੇ ਆਏ ਜਗਦੇਵ ਸਿੰਘ ਕਮਾਲੂ ਨੇ ਖੁੱਲੇ ਤੌਰ ’ਤੇ ਮੁੱਖ ਮੰਤਰੀ ਦੇ ਨਾਲ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿਚ ਆਪ ਦੀ ਸਮੂਲੀਅਤ ਤੋਂ ਬਾਅਦ ਕਾਂਗਰਸ ਦਾ ਇਕਲੌਤਾ ਵਿਧਾਇਕ ਪਿਰਮਿਲ ਸਿੰਘ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਕੈਪਟਨ ਖੇਮੇ ਵਿਚ ਹਨ। ਸੰਗਰੂਰ ਵਿਚ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਵਿਜੇਇੰਦਰ ਸਿੰਗਲਾ ਤੇ ਦਲਬੀਰ ਗੋਲਡੀ ਖੁੱਲੇ ਤੌਰ ’ਤੇ ਕੈਪਟਨ ਨਾਲ ਹਨ ਜਦੋਂਕਿ ਸੁਰਜੀਤ ਧੀਮਾਨ ਕੈਪਟਨ ਨੂੰ ਗੱਦਿਓ ਉਤਾਰਨ ਦੀ ਮੰਗ ਕਰ ਰਿਹਾ ਹੈ। ਪ੍ਰੰਤੂ ਬੀਬੀ ਰਜੀਆ ਸੁਲਤਾਨਾ ਹਾਲੇ ਚੁੱਪ ਹਨ।
ਸ਼੍ਰੀ ਮੁਕਤਸਰ ਸਾਹਿਬ ਦੇ ਵਿਚੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪਹਿਲਾਂ ਤੋਂ ਕੈਪਟਨ ਸਮਰਥਕ ਹਨ ਜਦੋਂਕਿ ਤੇਜ ਤਰਾਰ ਵਿਧਾਇਕ ਰਾਜਾ ਵੜਿੰਗ ਸਿੱਧੂ ਦੀ ਗੱਡੀ ਚਲਾਉਣ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਗਏ ਹਨ। ਪਾਰਟੀ ਦੇ ਆਗੂਆਂ ਮੁਤਾਬਕ ਵੜਿੰਗ ਕਾਂਗਰਸ ਹਾਈਕਮਾਂਡ ਤੋਂ ਬਾਹਰ ਨਹੀਂ ਜਾਣਗੇ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਹਾਲੇ ਤੱਕ ਖੁੱਲੇ ਤੌਰ ’ਤੇ ਮਦਨ ਲਾਲ ਜਲਾਲਪੁਰਾ ਨਵਜੋਤ ਸਿੱਧੂ ਧੜੇ ਨਾਲ ਜੁੜਿਆ ਹੈ ਜਦੋਂਕਿ ਬਾਕੀ ਪਹਿਲਾਂ ਵਾਲੇ ਥਾਂ ’ਤੇ ਹੀ ਖੜੇ ਵਿਖਾਈ ਦਿੰਦੇ ਹਨ। ਮੋਗਾ ਵਿਚ ਵਿਧਾਇਕ ਕਾਕਾ ਲੋਹਗੜ ਕੈਪਟਨ ਤੇ ਦਰਸਨ ਸਿੰਘ ਬਰਾੜ ਸਿੱਧੂ ਧੜੇ ਨਾਲ ਹਨ। ਹਰਜੌਤ ਕਮਲ ਹਾਲੇ ਚੁੱਪ ਹਨ। ਮਾਨਸਾ ਤੋਂ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਬੇਸ਼ੱਕ ਤਿ੍ਰਪਤ ਰਜਿੰਦਰ ਬਾਜਵਾ ਦੇ ਨੇੜੇ ਮੰਨਿਆਂ ਜਾਂਦਾ ਹੈ ਪ੍ਰੰਤੂ ਉਹ ਹਾਲੇ ਤੱਕ ਮੁੱਖ ਮੰਤਰੀ ਕੈਂਪਸ ਵਿਚ ਡਟੇ ਹੋਏ ਹਨ। ਫ਼ਿਰੋਜਪੁਰ ਤੋਂ ਰਾਣਾ ਸੋਢੀ ਤੇ ਸਤਿਕਾਰ ਕੌਰ ਕੈਪਟਨ ਧੜੇ ਅਤੇ ਕੁਲਬੀਰ ਜੀਰਾ ਤੇ ਪਿੰਕੀ ਸਿੱਧੂ ਧੜੇ ਨਾਲ ਨਜ਼ਰ ਆ ਰਹੇ ਹਨ।
ਫ਼ਾਜਲਿਕਾ ਜ਼ਿਲ੍ਹੇ ਵਿਚ ਰਮਿੰਦਰ ਆਵਲਾ ਕੈਪਟਨ ਤੇ ਦਵਿੰਦਰ ਘੁਬਾਇਆ ਸਿੱਧੂ ਖੇਮੇ ਦਾ ਕੱਟੜ ਸਮਰਥਕ ਹੈ ਜਦੋਂਕਿ ਇੱਕ ਹੋਰ ਵਿਧਾਇਕ ਨੱਥੂ ਰਾਮ ਹਾਲੇ ਚੁੱਪ ਹਨ। ਫ਼ਤਿਹਗੜ੍ਹ ਦੇ ਤਿੰਨ ਕਾਂਗਰਸੀ ਵਿਧਾਇਕਾਂ ਵਿਚੋਂ ਗੁਰਪ੍ਰੀਤ ਜੀਪੀ ਕੈਪਟਨ ਖੇਮੇ ਨਾਲ ਖੜਾ ਹੈ ਜਦੋਂਕਿ ਕਾਕਾ ਰਣਦੀਪ ਤੇ ਕੁਲਜੀਤ ਨਾਗਰਾ ਹਾਈਕਮਾਂਡ ਨਾਲ ਹਨ। ਫ਼ਰੀਦਕੋਟ ਤੋਂ ਇਕਲੌਤੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਬੇਸ਼ੱਕ ਪਹਿਲਾਂ ਖੁੱਲ ਕੇ ਸਿੱਧੂ ਧੜੇ ਦੀ ਹਾਜ਼ਰੀ ਭਰਦੇ ਰਹੇ ਹਨ ਪ੍ਰੰਤੂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਨਜਦੀਕੀ ਰਿਸ਼ਤੇਦਾਰ ਇਹ ਵਿਧਾਇਕ ਹਾਲ ਦੀ ਘੜੀ ਸ਼ਾਂਤ ਬੈਠੇ ਦਿਖ਼ਾਈ ਦੇ ਰਹੇ ਹਨ। ਲੁਧਿਆਣਾ ਜ਼ਿਲ੍ਹੇ ਵਿਚ ਕਾਂਗਰਸੀ ਵਿਧਾਇਕਾਂ ਦਾ ਬਹੁਮਤ ਮੁੱਖ ਮੰਤਰੀ ਧੜੇ ਨਾਲ ਹੈ ਜਦੋਂਕਿ ਕੈਪਟਨ ਖੇਮੇ ਲਈ ਚਿੰਤਾ ਵਾਲੀ ਗੱਲ ਇਹ ਮੰਨੀ ਜਾ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਅਪਣੇ ਇੱਕ ਸਾਥੀ ਵਿਧਾਇਕ ਨਾਲ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਡਟਿਆ ਦਿਖਾਈ ਦੇ ਰਿਹਾ ਹੈ।

ਬਾਕਸ
ਅੱਧੀ ਦਰਜ਼ਨ ਤੋਂ ਵੱਧ ਮੰਤਰੀ ਵੀ ਕੈਪਟਨ ਖੇਮੇ ’ਚ
ਬਠਿੰਡਾ: ਜੇਕਰ ਮਲਵਈ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਚਿਹਰੇ ਮੰਨੇ ਜਾਣ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਮੁੱਖ ਮੰਤਰੀ ਨਾਲ ਡਟੇ ਹੋਏ ਦਿਖ਼ਾਈ ਦਿੰਦੇ ਹਨ। ਉਨ੍ਹਾਂ ਹਾਲਾਂ ਤੱਕ ਵਿਰੋਧੀ ਧੜੇ ਵਲੋਂ ਕੀਤੀ ਜਾਣ ਵਾਲੀ ਇੱਕ ਵੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਪ੍ਰੰਤੂ ਕੈਪਟਨ ਦੇ ਹਰੇਕ ਪ੍ਰੋਗਰਾਮ ਵਿਚ ਉਹ ਮੂਹਰੇ ਦਿਖ਼ਾਈ ਦਿੰਦੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਦੂਜੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਵੀ ਕੈਪਟਨ ਦੇ ਵਿਰੁਧ ਨਹੀਂ ਜਾ ਸਕਦੇ, ਕਿਉਂਕਿ ਜਿੱਥੇ ਉਨ੍ਹਾਂ ਦੀ ਕਾਂਗਰਸ ਵਿਚ ਸਮੂਲੀਅਤ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੋਈ ਹੈ, ਉਥੇ ਫ਼ੁਲ ਹਲਕੇ ’ਚ ਸਭ ਤੋਂ ਵੱਧ ਵੋਟ ਬੈਂਕ ਵਾਲਾ ਪਿੰਡ ਮਹਿਰਾਜ਼ ਮੁੱਖ ਮੰਤਰੀ ਦੇ ਪੁਰਖਿਆਂ ਦਾ ਹੈ। ਜਿਸਦੇ ਜਿਆਦਾਤਰ ਵਾਸੀ ਅੱਜ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਾਬਾ ਆਲਾ ਸਿੰਘ ਦੇ ਪ੍ਰਵਾਰ ਨੂੰ ਦਿਲੋਂ ਮੁਹੱਬਤ ਕਰਦੇ ਹਨ। ਇਸਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਧੜੱਲੇਦਾਰ ਮੰਤਰੀ ਵਿਜੇਇੰਦਰ ਸਿੰਗਲਾ ਪੂਰੀ ਤਰ੍ਹਾਂ ਕੈਪਟਨ ਦੀ ਪਿੱਠ ’ਤੇ ਹਨ ਜਦੋਂਕਿ ਇਸ ਜ਼ਿਲ੍ਹੇ ਤੋਂ ਇੱਕ ਹੋਰ ਮਹਿਲਾ ਵਜ਼ੀਰ ਬੀਬੀ ਰਜ਼ੀਆ ਸੁਲਤਾਨਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਹੇ ਹਨ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸਬੰਧਤ ਮੰਤਰੀ ਰਾਣਾ ਸੋਢੀ ਨੂੰ ਅੱਜ ਕੱਲ ਕੈਪਟਨ ਦਾ ਸੱਜ਼ਾ ਹੱਥ ਮੰਨਿਆ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਕੈਬਨਿਟ ਵਜ਼ੀਰ ਭਾਰਤ ਭੂਸ਼ਨ ਆਸ਼ੂ ਪੂਰੀ ਤਰ੍ਹਾਂ ਮੁੱਖ ਮੰਤਰੀ ਖੇਮੇ ਵਿਚ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਤੋਂ ਜਿੱਥੇ ਮੁੱਖ ਮੰਤਰੀ ਆਪ ਨੁਮਾਇੰਦਗੀ ਕਰਦੇ ਹਨ, ਉਥੇ ਇਸ ਜ਼ਿਲ੍ਹੇ ਨਾਲ ਸਬੰਧਤ ਦੋਨੋਂ ਵਜ਼ੀਰ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਇੱਕ ਹਨ।

LEAVE A REPLY

Please enter your comment!
Please enter your name here