ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਦਿਖ਼ਾਈ ਇਕਜੁਟਤਾ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਸੂਬਾਈ ਕਾਂਗਰਸ ’ਚ ਅਪਣੀ ਵੱਖਰੀ ਹੋਂਦ ਰੱਖ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਧੜੇ ਵਲੋਂ ਅੱਜ ਬਰਗਾੜੀ ਇਨਸਾਫ਼ ਮੋਰਚੇ ਅਤੇ ਜੀਰਾ ’ਚ ਸਰਾਬ ਫੈਕਟਰੀ ਅੱਗੇ ਚੱਲ ਰਹੇ ਕਿਸਾਨ ਮੋਰਚੇ ਵਿਚ ਸਮੂਲੀਅਤ ਕਰਕੇ ਮੁੜ ਇਕਜੁਟਤਾ ਦਿਖ਼ਾਈ ਹੈ। ਸਿੱਧੂ ਦੀ ਜਲਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਅਟਕਲਾਂ ਦੇ ਬਜ਼ਾਰ ਦੌਰਾਨ ਇਸ ਧੜੇ ਵੱਲੋਂ ਵਿੱਢੀ ਸਰਗਰਮੀ ਇਸਦੀ ਹੋਂਦ ਨੂੰ ਦਰਸਾਉਂਦੀ ਹੈ। ਸੂਚਨਾ ਮੁਤਾਬਕ ਇਸ ਧੜੇ ਨਾਲ ਸਬੰਧਤ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਿਲ ਸਿੰਘ ਧੋਲਾ, ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਆਦਿ ਸਹਿਤ ਦਰਜ਼ਨਾਂ ਆਗੂ ਪਹਿਲਾਂ ਬਠਿੰਡਾ ਵਿਖੇ ਇਕੱਤਰ ਹੋਏ, ਜਿਸਤੋਂ ਬਾਅਦ ਉਹ ਬਰਗਾੜੀ ਇਨਸਾਫ ਮੋਰਚੇ ਵਿਚ ਪੁੱਜੇ, ਜਿੱਥੈ ਉਨ੍ਹਾਂ ਧਰਨੇ ’ਤੇ ਬੈਠੇ ਸ਼ਹੀਦ ਸਿੰਘਾਂ ਦੇ ਪ੍ਰਵਾਰਾਂ ਤੋਂ ਇਲਾਵਾ ਹੋਰਨਾਂ ਆਗੂਆਂ ਨਾਲ ਇਕਜੁਟਤਾ ਦਿਖ਼ਾਉਂਦਿਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਫ਼ੜਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਚੂੱਕੇ ਕਦਮਾਂ ਦੀ ਚਰਚਾ ਕੀਤੀ। ਇਸੇ ਤਰ੍ਹਾਂ ਇਸਤੋਂ ਬਾਅਦ ਇਹ ਗਰੁੱਪ ਫ਼ਿਰੋਜਪੁਰ ਤੋਂ ਅੱਗੇ ਚੱਲ ਰਹੇ ਜੀਰਾ ਕਿਸਾਨ ਮੋਰਚੇ ਵਿਚ ਪੁੱਜਿਆ, ਜਿੱਥੋਂ ਦੇ ਕਿਸਾਨਾਂ ਵਲੋਂ ਸਰਾਬ ਫੈਕਟਰੀ ਵਿਰੁਧ ਮੋਰਚਾ ਖੋਲਿਆ ਹੋਇਆ ਹੈ। ਬਠਿੰਡਾ ਤੋਂ ਚੱਲਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ‘‘ ਪੰਜਾਬ ਦੇ ਆਗੂਆਂ ਵਿਚੋਂ ਵਾਹਦ ਨਵਜੋਤ ਸਿੰਘ ਸਿੱਧੂ ਹੀ ਇੱਕ ਅਜਿਹੇ ਆਗੂ ਹਨ, ਜਿੰਨ੍ਹਾਂ ਸਰਕਾਰ ਵਿਚ ਹੁੰਦਿਆਂ ਵੀ ਇਸਦੇ ਹੱਕ ਵਿਚ ਅਵਾਜ਼ ਚੁੱਕੀ ਹੈ। ’’ ਉਨ੍ਹਾਂ ਕਿਹਾ ਕਿ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਸ: ਸਿੱਧੂ ਇਸਦੇ ਹੱਕ ’ਚ ਡਟਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਕਾਂਗਰਸੀ ਆਗੂ ਵੀ ਮੌਜੂਦ ਸਨ।
ਸਿੱਧੂ ਧੜੇ ਨੇ ਇਕੱਠੇ ਹੋ ਕੇ ਬਰਗਾੜੀ ਤੇ ਜੀਰਾ ਮੋਰਚੇ ਵਿਚ ਕੀਤੀ ਸਮੂਲੀਅਤ
191 Views