ਨਵਜੋਤ ਸਿੱਧੂ ਨੇ ਕਿਹਾ ਕਿ ਜਾਖ਼ੜ ਕਾਂਗਰਸ ਦਾ ਅਨਮੋਲ ਹੀਰਾ, ਪਾਰਟੀ ਸੰਭਾਲੇਂ
ਕਾਂਗਰਸ ਦੀ ਜਾਤ- ਧਰਮ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਸੁਨੀਲ ਜਾਖੜ: ‘ਆਪ’
ਸੁਖਜਿੰਦਰ ਮਾਨ
ਚੰਡੀਗੜ੍ਹ, 14 ਮਈ: ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦੇ ਹੋਏ ਅੱਜ ਆਖ਼ਰਕਾਰ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਗਿਆ। ਕਈ ਪੀੜੀਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਚੱਲੇ ਆ ਰਹੇ ਸ਼੍ਰੀ ਜਾਖ਼ੜ ਨੇ ਸ਼ਨੀਵਾਰ ਦੁਪਿਹਰ ਫ਼ੇਸਬੁੱਕ ’ਤੇ ਲਾਈਵ ਹੋ ਕੇ ਅਸਤੀਫ਼ਾ ਦੇਣ ’ਤੇ ਪਹਿਲਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਅੰਬਿਕਾ ਸੋਨੀ ਉਪਰ ਪੰਜਾਬ ’ਚ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੇ ਦੋਸ਼ ਲਗਾਉਂਦਿਆਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਹੀ ਨਹੀਂ ਹੈ। ਉਹ ਇੱਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕਾਂਗਰਸ ਪਾਰਟੀ ਪੰਜਾਬ ਨੂੰ ਭੁੱਲ ਜਾਵੇ, ਇੱਥੇ ਉੂਹ ਮੁੜ ਕਦੇ ਸੱਤਾ ਵਿਚ ਵਾਪਸ ਨਹੀਂ ਆਵੇਗੀ। ਹਾਲਾਂਕਿ ਇਸ ਮੌਕੇ ਉਨ੍ਹਾਂ ਅਪਣੇ ਅਗਲੇ ਕਿਸੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਇਸਤੋਂ ਪਹਿਲਾਂ ਉਨ੍ਹਾਂ ਕਾਂਗਰਸ ਵਿਚ ਹੀ ਰਹਿੰਦਿਆਂ ਸਰਗਰਮ ਸੱਤਾ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਧਰ ਜਾਖ਼ੜ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੱਕ ਹੋਰ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਜਾਖੜ ਨੂੰ ਕਾਂਗਰਸ ਪਾਰਟੀ ਦਾ ਇੱਕ ਅਨਮੋਲ ਹੀਰਾ ਦਸਦਿਆਂ ਪਾਰਟੀ ਨੂੰ ਇਸਨੂੰ ਸੰਭਾਂਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਮੇਜ਼ ’ਤੇ ਗੱਲਬਾਤ ਰਾਹੀ ਹੋ ਸਕਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ ’ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ।ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਸਨਮਾਨਯੋਗ ਆਗੂ ਹਨ। ਪੰਜਾਬ ਦੀ ਰਾਜਨੀਤੀ ’ਚ ਉਨ੍ਹਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਕੰਗ ਨੇ ਕਾਂਗਰਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੂਰੇ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਸੁਨੀਲ ਜਾਖ਼ੜ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਲਾਈਵ ਹੋ ਕੇ ਲਗਾਏ ਗੰਭੀਰ ਦੋਸ਼
2 Views