ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 11 ਅਪ੍ਰੈਲ: ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਦੂਜੇ ਵਿਭਾਗਾਂ ਦੀ ਤਰਜ਼ ’ਤੇ ਸਿਹਤ ਵਿਭਾਗ ਵਿੱਚ ਯੋਗ ਪ੍ਰਣਾਲੀ ਰਾਹੀ ਨੈਸ਼ਨਲ ਹੈਲਥ ਮਿਸ਼ਨ ਅਧੀਨ ਭਰਤੀ ਕੀਤੇ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਕਰਨ ਦੇ ਵਾਅਦੇ ਪੂਰੇ ਨਾ ਹੁੰਦੇ ਦੇਖ ਹੁਣ ਐਨਐਚਐਮ ਕਾਮਿਆਂ ਨੇ ਸਰਕਾਰ ਨੂੂੰ ਘੇਰਣ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿਚ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਜਲੰਧਰ ਉਪ ਚੋਣ ਵਿਚ ਸਰਕਾਰ ਵਿਰੁਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸੱਤਾ ਦੇ ਨਸ਼ੇ ਵਿੱਚ ਨਜਰਾਂ ਫੇਰਦੇ ਨਜਰ ਆ ਰਹੇ ਹਨ । ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੌਰਾਨ ਕੱਚੇ ਮੁਲਾਜ਼ਮਾ ਦੇ ਧਰਨਿਆਂ ਦੇ ਵਿਚ ਸ਼ਾਮਿਲ ਹੋ ਕੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਸਬਜ਼ਬਾਗ ਦਿਖਾਏ ਪਰ ਜਦ ਵਾਅਦਿਆ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਵਾਰੀ ਆਈ ਤਾਂ ਪਿਛਲੇ 1 ਸਾਲ ਦੌਰਾਨ ਕੀਤੀਆਂ ਗਈਆਂ ਲੱਗਭੱਗ 20 ਦੇ ਕਰੀਬ ਮੀਟਿੰਗਾਂ ਵਿਚ ਵੀ ਕੋਈ ਹੱਲ ਨਹੀਂ ਕੀਤਾ ਗਿਆ। ਬੀਤੇ ਦਿਨੀਂ ਵੀ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਯੂਨੀਅਨ ਦੀਆਂ ਸਿਹਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਹੀ ਰਹੀਆਂ ਅਤੇ ਮੀਟਿੰਗਾਂ ਦੌਰਾਨ ਬੱਸ ਲਾਰਿਆਂ ਦੀ ਪੰਡ ਦੇ ਸਿਵਾ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸਰਕਾਰ ਸਿਹਤ ਵਰਗੇ ਅਹਿਮ ਅੰਗ ਨੂੰ ਅਹਿਮੀਅਤ ਨਹੀਂ ਦਿੰਦੀ ਤਾਂ ਸੂਬੇ ਦੇ ਲੋਕ ਅਪਣੇ ਚੰਗੇਰੇ ਭਵਿੱਖ ਦੀ ਕਾਮਨਾ ਕਿਸ ਤਰ੍ਹਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਊਪ ਚੋਣ ਦੌਰਾਨ ਸੁੱਤੀ ਸਰਕਾਰ ਨੂੰ ਜਗਾਉਣ ਲਈ ਪਰਚੇ ਵੰਡ ਕੇ ਇਹਨਾਂ ਦੇ ਲਾਰਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਜਿੱਥੇ ਜਿੱਥੇ ਵੀ ਇਹਨਾਂ ਦੇ ਮੰਤਰੀ ਪ੍ਰਚਾਰ ਕਰਨਗੇ ਮੁਲਾਜ਼ਮ ਉਹਨਾਂ ਦਾ ਘਿਰਾਓ ਕਰਨਗੇ। ਇਸ ਦੌਰਾਨ ਉਹਨਾਂ ਨਾਲ ਡਾ ਸਿਮਰਪਾਲ ਸਿੰਘ ਮੋਗਾ, ਅਵਤਾਰ ਸਿੰਘ ਮਾਨਸਾ,ਰਣਜੀਤ ਕੌਰ ਬਠਿੰਡਾ , ਹਰਮਨ ਜੀਰਾ, ਦੀਪਿਕਾ ਸ਼ਰਮਾਂ ਪਠਾਨਕੋਟ, ਗੁਲਸ਼ਨ ਸ਼ਰਮਾ ਫਰੀਦਕੋਟ, ਰਵਿੰਦਰ ਸਿੰਘ ਫਾਜ਼ਿਲਕਾ,ਡਾਕਟਰ ਸੁਮਿਤ ਕਪਾਹੀ ਜਲੰਧਰ,ਕਮਲਜੀਤ ਕੌਰ ਬਰਨਾਲਾ ਅਤੇ ਸਮੂਹ ਸੂਬਾ ਕਮੇਟੀ ਮੈਂਬਰ ਹਾਜਰ ਸਨ।
Share the post "ਸੂਬਾ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਕਾਮੇ ਜਲੰਧਰ ਚੋਣਾਂ ਵਿੱਚ ਸਰਕਾਰ ਨੂੰ ਘੇਰਨਗੇ"