ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਆਦੇਸ਼ਾਂ ਤਹਿਤ ਸਕੱਤਰ ਰਿਜਨਲ ਅਥਾਰਟੀ ਸ੍ਰੀ ਰਾਜਦੀਪ ਸਿੰਘ ਬਰਾੜ ਵੱਲੋਂ ਬਠਿੰਡਾ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਰਿਜਨਲ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਕੂਲੀ ਵਾਹਨ ਵਿੱਚ 2 ਕੈਮਰੇ ਲੱਗੇ ਹੋਣ, ਬੱਸ ਦਾ ਰੰਗ ਪੀਲਾ, ਲੇਡੀਜ਼ ਅਟੈਂਡੈਂਟ ਅਤੇ ਸ਼ੀਸ਼ੀਆਂ ਦਾ ਬਾਹਰ ਹਾਰੀਜੈਟਲ ਗਿਰੱਲ ਲੱਗੀ ਹੋਣੀ ਲਾਜ਼ਮੀ ਹੋਵੇ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਪਣੇ ਪੱਧਰ ਤੇ ਆਪਣੇ-ਆਪਣੇ ਸਕੂਲੀ ਵਾਹਨਾਂ ਦੇ ਡਰਾਈਵਰਾਂ ਨਾਲ ਮੀਟਿੰਗ ਕਰਕੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਤਾਂ ਜੋ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬਾਹਰ ਟ੍ਰੈਫਿਕ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਸਕੂਲ ਮੁਖੀਆ ਨੂੰ ਸਕੂਲੀ ਵਾਹਨਾਂ ਦੀਆ ਕਮੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਦੂਰ ਕਰਵਾਉਣ ਸਬੰਧੀ ਹਦਾਇਤ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ, ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਅਮਰੀਕ ਸਿੰਘ ਆਦਿ ਹਾਜ਼ਰ ਸਨ।
ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਕੀਤੀ ਗਈ ਮੀਟਿੰਗ
4 Views