ਭਾਈ ਅਮਰੀਕ ਸਿੰਘ ਅਜਨਾਲਾ ਨੂੰ ਬਠਿੰਡਾ ਸ਼ਹਿਰ ਵਿਚ ਰੋਕਿਆ, ਸੰਤਸੰਗ ਦਾ ਵਿਰੋਧ ਕਰਨ ਚੱਲੇ ਦਰਜ਼ਨਾਂ ਸਿੱਖਾਂ ਨੂੰ ਹਿਰਾਸਤ ਵਿਚ ਲਿਆ
ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਕੀਤੇ ਹੋਏ ਸਨ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸੁਖਜਿੰਦਰ ਮਾਨ
ਬਠਿੰਡਾ, 29 ਜਨਵਰੀ : ਬਲਾਤਕਾਰ ਅਤੇ ਕਤਲ ਦੇ ਮਾਮਲੇ ’ਚ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚੋਂ 40 ਦਿਨਾਂ ਦੀ ਪੈਰੋਲ ’ਤੇ ਬਾਹਰ ਆਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਅੱਜ ਪੰਜਾਬ ’ਚ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ’ਚ ਡੇਰਾ ਪ੍ਰੇਮੀਆਂ ਨੂੰ ਆਨ-ਲਾਈਨ ਤਰੀਕੇ ਨਾਲ ਸੰਬੋਧਤ ਕਰਕੇ ਕੀਤੀ ਸੰਤਸੰਗ ਨੂੰ ਲੈ ਕੇ ਸਾਰਾ ਦਿਨ ਬਠਿੰਡਾ ਜ਼ਿਲ੍ਹੇ ਵਿਚ ਤਣਾਅ ਬਣਿਆ ਰਿਹਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਚਰਚਾ ਵਿਚ ਚੱਲੇ ਆ ਰਹੇ ਡੇਰਾ ਮੁਖੀ ਦੀ ਇਸ ਵਰਚੂਅਲ ਸੰਤਸੰਗ ਦਾ ਸਿੱਖਾਂ ਵਲੋਂ ਵਿਰੋਧ ਕੀਤਾ ਗਿਆ। ਹਾਲਾਂਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਖੁਦ ਐਸ.ਐਸ.ਪੀ ਜੇ ਇਲਨਚੇਲੀਅਨ ਕਮਾਂਡ ਕਰਦੇ ਰਹੇ ਪ੍ਰੰਤੂ ਇਸਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁੰਨ ਭਾਈ ਰਣਜੀਤ ਸਿੰਘ ਵਾਂਦਰ, ਭਾਈ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਆਗੂ ਰੇਸ਼ਮ ਸਿੰਘ ਅਤੇ ਬਲਜੀਤ ਸਿੰਘ ਆਦਿ ਦੀ ਅਗਵਾਈ ਹੇਠ ਡੇਰਾ ਸਲਾਬਤਪੁਰਾ ਦੇ ਨਜਦੀਕ ਪਿੰਡ ਜਲਾਲ ਵਿਖੇ ਪੁੱਜਣ ਵਿਚ ਸਫ਼ਲ ਹੋ ਗਏ, ਜਿੱਥੇ ਪੁਲਿਸ ਨੇ ਸੂਹ ਮਿਲਦਿਆਂ ਹੀ ਪਹਿਲਾਂ ਭਾਰੀ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸਤੋਂ ਇਲਾਵਾ ਉੱਘੇ ਸਿੱਖ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਡੇਰਾ ਸਲਾਬਤਪੁਰਾ ਵੱਲ ਜਾਂਦਿਆਂ ਹੀ ਬਠਿੰਡਾ ਦੇ ਥਰਮਲ ਪਲਾਂਟ ਕੋਲ ਰੋਕ ਲਿਆ ਗਿਆ। ਜਿੱਥੇ ਅਮਰੀਕ ਸਿੰਘ ਅਜਨਾਲਾ ਦੀ ਬਠਿੰਡਾ ਦੇ ਐਸ.ਐਸ.ਪੀ ਜੇ ਇਲਨਚੇਲੀਅਨ ਨਾਲ ਮੌਕੇ ’ਤੇ ਬਹਿਸ ਵੀ ਹੋਈ ਪ੍ਰੰਤੂ ਪੁਲਿਸ ਨੇ ਕਈ ਘੰਟੇ ਉਨ੍ਹਾਂ ਨੂੰ ਬਿਨ੍ਹਾਂ ਹਿਰਾਸਤ ਵਿਚ ਲਿਆ,ਸੜਕ ਉਪਰ ਹੀ ਭਾਰੀ ਨਾਕੇਬੰਦੀ ਕਰਕੇ ਅੱਗੇ ਜਾਣ ਤੋਂ ਰੋਕ ਦਿੱਤਾ। ਜਦੋਂਕਿ ਜਲਾਲ ਵਿਖੇ ਸਿੱਖ ਆਗੂਆਂ ਨੇ ਡੇਰੇ ਵੱਲ ਜਾ ਰਹੇ ਪ੍ਰੇਮੀਆਂ ਨੂੰ ਬੱਸਾਂ ਵਿਚੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਜਿਸਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਥਾਣਿਆਂ ਵਿਚ ਬੰਦ ਕਰ ਦਿੱਤਾ। ਉਂਜ ਇਸ ਸਮੇਂ ਸਿੱਖ ਜਥੇਬੰਦੀ ਦੇ ਕਾਰਕੁੰਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁਧ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ। ਸਿੱਖ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਹਰਿਆਣਾ ਸਰਕਾਰਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਲੀਹ ’ਤੇ ਚੱਲਦਿਆਂ ਸਿੱਖਾਂ ਨੂੰ ਚਿੜਾ ਰਹੀ ਹੈ, ਕਿਉਂਕਿ ਡੇਰਾ ਮੁਖੀ ਸੰਗੀਨ ਜੁਰਮਾਂ ਵਿਚ ਦੋਸ਼ੀ ਪਾਇਆ ਗਿਆ ਹੈ ਤੇ ਉਸਦੀ ਅਤੇ ਉਸਦੇ ਪੈਰੋਕਾਰਾਂ ਦੀ ਪੁਲਿਸ ਜਾਂਚ ਟੀਮਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਚ ਵੀ ਸਮੂਲੀਅਤ ਦੱਸੀ ਗਈ ਹੈ। ਬਠਿੰਡਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੋਸ਼ ਲਗਾਇਆ ਕਿ ‘‘ ਇੱਕ ਪਾਸੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਵਾਰ-ਵਾਰ ਪੈਰੋਲ ਦੇ ਕੇ ਦੁੂਜੇ ਧਰਮਾਂ ਨੂੰ ਚਿੜਾਉਣ ਲਈ ਖੁੱਲਾ ਛੱਡਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਸ਼ਾਂਤਮਈ ਤਰੀਕੇ ਨਾਲ ਵਿਰੋਧ ਜਤਾਉਣ ਲਈ ਸਲਾਬਤਪੁਰਾ ਵੱਲ ਜਾਣ ਤੋਂ ਰੋਕ ਦਿੱਤਾ ਗਿਆ ਹੈ।ਉਧਰ ਇਸ ਸੰਤਸੰਗ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਡੇਰਾ ਸਮਰਥਕ ਸਲਾਬਤਪੁਰਾ ਪੁੱਜੇ ਹੋਏ ਸਨ, ਜਿੰਨ੍ਹਾਂ ਜਾਗੋ ਵੀ ਕੱਢੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਡੇਰਾ ਸਲਾਬਤਪੁਰਾ ਦੇ ਆਸਪਾਸ ਦੋ ਐਸ.ਪੀਜ਼ ਦੀ ਅਗਵਾਈ ਹੇਠ ਕਰੀਬ 400 ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਸਨ। ਜਦੋਂਕਿ ਪੂਰੇ ਜ਼ਿਲ੍ਹੇ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਵੀ ਨਾਕਾਬੰਦੀ ਕਰਕੇ ਪੁਲਿਸ ਨੂੰ ਅਲਰਟ ’ਤੇ ਰੱਖਿਆ ਹੋਇਆ ਸੀ। ਗੌਰਤਲਬ ਹੈ ਕਿ ਡੇਰਾ ਸਲਾਬਤਪੁਰਾ ਵਿਚ ਹੀ ਸੌਦਾ ਸਾਧ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਦਿਆਂ ਮਈ 2007 ਵਿੱਚ ਜਾਮ-ਏ-ਇੰਸਾਂ ਦੀ ਸ਼ੁਰੂਆਤ ਕੀਤੀ ਸੀ, ਜਿਸਤੋਂ ਬਾਅਦ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਵਿਵਾਦ ਚੱਲਿਆ ਆ ਰਿਹਾ ਹੈ, ਜਿਸ ਕਾਰਨ ਕਈ ਵਾਰ ਖ਼ੂਨੀ ਝੜਪਾਂ ਵੀ ਹੋ ਚੁੱਕੀਆਂ ਹਨ।
Share the post "ਸੌਦਾ ਸਾਧ ਦੀ ‘ਵਰਚੂਅਲ’ ਸੰਤਸੰਗ ਨੂੰ ਲੈ ਕੇ ਬਠਿੰਡਾ ’ਚ ਮੁੜ ਤਲਖ਼ੀ ਵਾਲਾ ਮਾਹੌਲ ਬਣਿਆ"