ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ : ਦਿੱਲੀ ’ਚ ਬਾਦਲਾਂ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਪੰਜਾਬ ਚੋਣਾਂ ਦੌਰਾਨ ਵੋਟਰਾਂ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰਾਂ ਦੇ ਵੋਟ ਬਕਸੇ ਖ਼ਾਲੀ ਰੱਖਣ ਦੀ ਅਪੀਲ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਪੁੱਜੇ ਸ: ਸ਼ਰਨਾ ਨੇ ਦਾਅਵਾ ਕੀਤਾ ਕਿ ‘‘ ਇਕੱਲੇ ਪੰਜਾਬ ’ਚ ਹੀ ਨਹੀਂ, ਦਿੱਲੀ ਵਿਚ ਵੀ ਬਾਦਲ ਦਲ ਨੇ ਸੱਤਾ ਹਾਸਲ ਕਰਨ ਲਈ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਮਾਣ-ਸਨਮਾਣ ਨੂੰ ਠੇਸ ਪਹੁੰਚਾਈ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਨੂੰ ਕਾਂਗਰਸ ਵਲੋਂ 84 ਦੇ ਕਤਲੇਆਮ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਢਹਿ ਢੇਰੀ ਕਰਨ ਦੇ ਮੁੱਦੇ ’ਤੇ ਪੁੱਛੇ ਸਵਾਲ ਦੇ ਜਵਾਬ ਵਿਚ ਸ: ਸ਼ਰਨਾ ਨੇ ਦਾਅਵਾ ਕੀਤਾ ਕਿ ‘‘ ਅਜਿਹਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਮਿਲ ਚੁੱਕੀ ਹੈ ਤੇ ਹੁਣ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਤੰਤਰੀ ਤਰੀਕੇ ਨਾਲ ਸਜ਼ਾ ਮਿਲਣੀ ਚਾਹੀਦੀ ਹੈ। ’’ ਉਨ੍ਹਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦਾ ਇੱਕੋ ਇੱਕ ਕਾਰਨ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। ਇਸ ਗੁਨਾਹ ਬਦਲੇ ਬੇਸ਼ੱਕ ਪੰਜਾਬ ਦੇ ਲੋਕਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਹਰਵਾ ਕੇ ਬਾਦਲ ਪਰਿਵਾਰ ਨੂੰ ਇੱਕ ਵੱਡੀ ਸਜ਼ਾ ਦੇ ਦਿੱਤੀ ਸੀ। ਬਾਵਜੂਦ ਇਸਦੇ ਉਹਨਾਂ ਦੇ ਰਵੱਈਏ ਵਿੱਚ ਕਿਸੇ ਕਿਸਮ ਦੀ ਹਾਂ ਪੱਖੀ ਤਬਦੀਲੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ 22 ਜਨਵਰੀ ਨੂੰ ਹੋਈ ਚੋਣ ਵਿਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਮੀ ਅਤੇ ਬਾਦਲ ਗਰੁੱਪ ਨੇ ਕਈ ਮੈਂਬਰਾਂ ਦੀ ਲਿਖਤੀ ਬੇਨਤੀ ਰਾਹੀਂ ਗੁਰਦੁਆਰਾ ਸ੍ਰੀ ਰਕਾਬ ਗੰਜ ਦੇ ਦਰਬਾਰ ਹਾਲ ਵਿੱਚ ਪੁਲਿਸ ਮੰਗਵਾ ਲਈ ਤੇ ਇਸ ਮੌਕੇ ਪੁਲਿਸ ਦਾ ਦਾਖ਼ਲਾ ਵੀ ਸ਼੍ਰੀ ਗੁਰੂ ਗੰ੍ਰਥ ਸਾਹਿਬ ਅਤੇ ਗੁਰੂ ਘਰ ਦੀ ਬੇਅਦਬੀ ਹੀ ਹੈ। ਸ੍ਰ: ਸਰਨਾ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੀ ਵਕਾਲਤ ਨਹੀਂ ਕਰਦੇ, ਕਿ ਫ਼ਲਾਣੇ ਉਮੀਦਵਾਰ ਨੂੰ ਵੋਟ ਪਾਈ ਜਾਵੇ ਪ੍ਰੰਤੂ ਜਿਸਨੂੰ ਵੋਟਰ ਚੰਗਾ ਸਮਝਦੇ ਹਨ, ਉਹ ਬਾਦਲ ਦਲ ਨੂੰ ਛੱਡ ਕੇ ਆਪਣੀ ਵੋਟ ਪਾ ਲੈਣ। ਇਸ ਮੌਕੇ ਉਹਨਾਂ ਦੀ ਪਾਰਟੀ ਦੇ ਸੀਨੀਅਰ ਆਗੂ ਸ੍ਰ: ਹਰਪਾਲ ਸਿੰਘ ਮਿੱਠੂ, ਜਸਵੰਤ ਸਿੰਘ ਬਰਾੜ ਸਰਪੰਚ ਮਹਿਮਾ ਸਵਾਈ ਅਤੇ ਜ: ਨਾਜਰ ਸਿੰਘ ਭਾਈ ਬਖਤੌਰ ਵੀ ਹਾਜਰ ਸਨ।
Share the post "ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰਾਂ ਦੇ ਵੋਟ ਬਾਕਸ ਖ਼ਾਲੀ ਰੱਖਣ ਪੰਜਾਬ ਦੇ ਵੋਟਰ: ਸ਼ਰਨਾ"