ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਨਗਰ ਨਿਗਮ ਦੇ ਸਫਾਈ ਸੇਵਕਾਂ ਵਲੋਂ ਸ਼ੁਰੂ ਕੀਤੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਹਾਲਾਂਕਿ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜਾ ਨਹੀਂ ਚੁੱਕਿਆ ਜਾ ਸਕਿਆ। ਉਧਰ ਸਫ਼ਾਈ ਕਾਮਿਆਂ ਦੀ ਹਿਮਾਇਤ ਵਿਚ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂਆਂ ਵਿਕਰਮ ਕੁਮਾਰ, ਰਾਮ ਸਿੰਘ, ਸੁਖਦੇਵ ਸਿੰਘ, ਲਕਸ਼ਮਣ ਕੁਮਾਰ ਆਦਿ ਨੇ ਦਸਿਆ ਕਿ ਬਠਿੰਡਾ ਸ਼ਹਿਰ ਦੀ ਆਬਾਦੀ ਦਿਨ ਵ ਦਿਨ ਵਧ ਰਹੀ ਹੈ ਪ੍ਰੰਤੂ ਸ਼ਹਿਰ ਦੀ ਸਫ਼ਾਈ ਦਾ ਭਾਰ ਪੁਰਾਣੇ ਸਫ਼ਾਈ ਕਾਮਿਆਂ ਦੇ ਉਪਰ ਹੀ ਹੈ, ਜਿਸਦੇ ਚੱਲਦੇ ਉਹ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਘੱਟੋ-ਘੱਟ 1500 ਹੋਰ ਸਫ਼ਾਈ ਕਾਮਿਆਂ ਦੀ ਭਰਤੀ ਦੀ ਮੰਗ ਕਰ ਰਹੇ ਹਨ। ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਠੇਕੇਦਾਰ ਅਤੇ ਆਊਟਸੋਰਸਿੰਗ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ, ਵਰਦੀਆਂ ਭੱਤਾ ਦੁੱਗਣਾ ਕਰਨ ਤੋਂ ਇਲਾਵਾ ਹਰ ਕੱਚੇ ਤੇ ਪੱਕੇ ਕਾਮੇ ਨੂੰ ਮੈਡੀਕਲ ਸਹੂਲਤ ਦੇਣ ਦੀ ਮੰਗ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਅਪਣੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ ਤੇ ਇਸ ਦੌਰਾਨ ਸ਼ਹਿਰ ਵਿਚ ਕੂੜਾ ਨਾ ਚੁੱਕਣ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ ਨਿਗਮ ਅਧਿਕਾਰੀ ਜਿੰਮੇਵਾਰ ਹੋਣਗੇ।
ਬਾਕਸ
ਜਗਰੂਪ ਗਿੱਲ ਨੇ ਸਫਾਈ ਕਾਮਿਆਂ ਨੂੰ ਕੀਤੀ ਪੱਕੇ ਕਰਨ ਦੀ ਮੰਗ
ਬਠਿੰਡਾ: ਉਧਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਨਿਗਮ ਕਾਮਿਆਂ ਦੀ ਹੜਤਾਲ ’ਚ ਸ਼ਾਮਲ ਹੁੰਦਿਆਂ ਉਨ੍ਹਾਂ ਨੂੰ ਪੱਕੇ ਕਰਨ ਤੇ ਨਵੀਆਂ ਭਰਤੀਆਂ ਕਰਨ ਦੀ ਮੰਗ ਦੀ ਪ੍ਰੋੜਤਾ ਕੀਤੀ। ਸ. ਗਿੱਲ ਨੇ ਇਸ ਦੌਰਾਨ ਸ਼ਹਿਰ ਦੀ ਵਿਗੜੀ ਹੋਈ ਮੌਜੂਦਾ ਸਫ਼ਾਈ ਵਿਵਸਥਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 2018 ‘ਚ ਤਿ੍ਰਵੇਣੀ ਕੰਪਨੀ ਤੋਂ ਕੰਮ ਵਾਪਸ ਲੈ ਕੇ ਜੋ ਨਵੀਆਂ ਭਰਤੀਆਂ ਕਰਨ ਦਾ ਨੋਟੀਫਿਕੇਸ਼ਨ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਕਿਤਾ ਗਿਆ ਸੀ ਉਸਨੂੰ ਲਾਗੂ ਕੀਤਾ ਜਾਵੇ ਅਤੇ ਤਿ੍ਰਵੇਣੀ ਕੰਪਨੀ ਤੋਂ ਕੰਮ ਵਾਪਸ ਲੈ ਕੇ ਸਫ਼ਾਈ ਕਰਮਚਾਰੀਆਂ ਨੂੰ ਅਡਜਸਟ ਕੀਤਾ ਜਾਵੇ। ਸ. ਗਿੱਲ ਨੇ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨ ਕੇ ਸਫ਼ਾਈ ਵਿਵਸਥਾ ਨੂੰ ਲੀਹ ਤੇ ਪਾਵੇ।
ਸਫ਼ਾਈ ਸੇਵਕਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ
11 Views