ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਿਲ੍ਹਾ ਕਮੇਟੀ ਵੱਲੋਂ 8 ਮਾਰਚ ਨੂੰ ‘ਕੌਮਾਂਤਰੀ ਇਸਤਰੀ ਦਿਵਸ‘, ‘ਇਸਤਰੀਆਂ ਖਿਲਾਫ਼ ਅੱਤਿਆਚਾਰ ਅਤੇ ਵਿਤਕਰਿਆਂ ਦੇ ਖਾਤਮੇ ਲਈ ਜੂਝਣ ਦੇ ਸੰਕਲਪ ਦਿਵਸ‘ ਵਜੋਂ ਮਨਾਇਆ ਜਾਵੇਗਾ। ਉਕਤ ਫੈਸਲਾ ਮੈਡਮ ਦਰਸ਼ਨਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਸਭਾ ਦੀ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਕੀਤਾ ਗਿਆ। ਇੱਥੋਂ ਜਾਰੀ ਇਕ ਬਿਆਨ ਰਾਹੀਂ ਮੈਡਮ ਜੋਸ਼ੀ ਨੇ ਦੱਸਿਆ ਕਿ 8 ਮਾਰਚ ਨੂੰ ਮਿੰਨੀ ਸਕੱਤਰੇਤ ਨੇੜਲੀ ਡਾ. ਬੀ.ਆਰ. ਅੰਬੇਦਕਰ ਪਾਰਕ ਵਿਖੇ ਵਿਸ਼ਾਲ ਰੈਲੀ ਕਰਨ ਪਿੱਛੋਂ ‘ਇਸਤਰੀ ਅਧਿਕਾਰਾਂ ਦੀ ਪ੍ਰਾਪਤੀ ਲਈ ਮਾਰਚ‘ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ ਜੇ.ਪੀ.ਐਮ.ਓ. ‘ਚ ਸ਼ਾਮਲ ਭਰਾਤਰੀ ਸੰਗਠਨਾਂ ਦੇ ਕਾਰਕੁੰਨ ਵੀ ਸ਼ਾਮਲ ਹੋਣਗੇ। ਮੀਟਿੰਗ ਵੱਲੋਂ ਮੰਗ ਕੀਤੀ ਗਈ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਛੇਤੀ ਤੋਂ ਛੇਤੀ ਸੁਰੱਖਿਅਤ ਘਰ ਵਾਪਸੀ ਦੇ ਯਤਨ ਕੀਤੇ ਜਾਣ। ਇਸ ਸਬੰਧੀ ਰਾਜ ਕਰਦੀ ਪਾਰਟੀ ਦੇ ਆਗੂਆਂ ਅਤੇ ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾ ਰਹੀ ਹੋਛੀ ਬਿਆਨਬਾਜੀ ਦੀ ਨਿਖੇਧੀ ਕੀਤੀ ਗਈ।ਬੀਬੀ ਜੋਸ਼ੀ ਨੇ ਸਭਾ ਦੀਆਂ ਸਭਨਾਂ ਇਕਾਈਆਂ ਨੂੰ ਭਾਰੀ ਗਿਣਤੀ ਵਿੱਚ 8 ਮਾਰਚ ਨੂੰ ਬਠਿੰਡਾ ਪੁੱਜਣ ਦਾ ਸੱਦਾ ਦਿੰਦਿਆਂ ਹਰ ਵਰਗ- ਉਮਰ ਦੀਆਂ ਬੀਬੀਆਂ ਨੂੰ ਉਕਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।
ਸੰਕਲਪ ਦਿਵਸ ਵਜੋਂ ਮਨਾਇਆ ਜਾਵੇਗਾ ‘ਆਲਮੀ ਇਸਤਰੀ ਦਿਹਾੜਾ‘- ਦਰਸ਼ਨਾ ਜੋਸ਼ੀ
7 Views