-ਦੋਸ਼: ਜਿਵੇਂ ਹੀ ਜਾਂਚ ਸਹੀ ਰਸਤੇ ‘ਤੇ ਆਉਂਦੀ ਹੈ, ਉਸ ਨੂੰ ਖ਼ਾਰਜ ਕਰ ਦਿੱਤਾ ਜਾਂਦਾ
-ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦੇਣਾ ‘ਆਪ’ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੋਵੇਗੀ: ਹਰਪਾਲ ਚੀਮਾ
– ਕਿਹਾ, ਬੇਅਦਬੀ ਮਾਮਲਿਆਂ ‘ਚ ਇਨਸਾਫ਼ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਖ਼ੁਸ਼ੀ ਦੇਵੇਗਾ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਦਲ ਦੀ ਅਗਵਾਈ ਵਾਲੀ ਅਕਾਲੀ- ਭਾਜਪਾ ਸਰਕਾਰ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ‘ਤੇ ਪਿਛਲੇ 7 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਹੈ। ਚੀਮਾ ਨੇ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈ ਅਤੇ ਫਿਰ ਇਨਸਾਫ਼ ਮੰਗ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਮਾਰ ਦਿੱਤਾ ਗਿਆ। ਇਨ੍ਹਾਂ ਸਾਰੀਆਂ ਦੁਖਦਾਈ ਘਟਨਾਵਾਂ ਨੂੰ 7 ਸਾਲ ਬੀਤ ਗਏ, ਪਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਤੇ ਹੋਰ ਘਟਨਾਵਾਂ ਦੀ ਜਾਂਚ ਲਈ ਕਈ ਵਿਸ਼ੇਸ਼ ਜਾਂਚ ਕਮੇਟੀਆਂ, ਸੀ.ਬੀ.ਆਈ ਜਾਂਚ ਅਤੇ ਜਸਟਿਸ ਰਣਜੀਤ ਸਿੰਘ ਜਾਂਚ ਅਯੋਗ ਦਾ ਗਠਨ ਕੀਤਾ ਗਿਆ, ਪਰ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ, ਕਿਉਂਕਿ ਜਿਵੇਂ ਹੀ ਜਾਂਚ ਸਹੀ ਰਸਤੇ ‘ਤੇ ਆਉਂਦੀ ਹੈ ਤਾਂ ਇੱਕ ਵਿਸ਼ੇਸ਼ ਰਾਜਨੀਤਿਕ ਪਰਿਵਾਰ ਦੇ ਇਸ਼ਾਰੇ ‘ਤੇ ਇਸ ਜਾਂਚ ਨੂੰ ਖ਼ਾਰਜ ਕਰ ਦਿੱਤਾ ਜਾਂਦਾ ਹੈ।
ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ, ”ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਦੀ ਜਾਂਚ ਇੱਕ ਨਿਸ਼ਚਿਤ ਦਿਸ਼ਾ ਵੱਲ ਜਾਂਦੀ ਹੈ ਅਤੇ ਇਹ ਦਿਸ਼ਾ ਇੱਕ ਰਾਜਨੀਤਿਕ ਪਰਿਵਾਰ ਅਤੇ ਉਸ ਦੇ ਸਹਿਯੋਗੀਆਂ ਲਈ ਠੀਕ ਨਹੀਂ ਬੈਠਦੀ , ਜਿਸ ਕਰਕੇ ਜਾਂ ਤਾਂ ਜਾਂਚ ਰਿਪੋਰਟ ਦੇ ਕੁੱਝ ਭਾਗ ਨੂੰ ਨਹੀਂ ਮੰਨਿਆ ਜਾਂਦਾ ਜਾਂ ਫਿਰ ਪੂਰੀ ਜਾਂਚ ਰਿਪੋਰਟ ਨੂੰ ਹੀ ਰੱਦ ਕਰ ਦਿੱਤਾ ਜਾਂਦਾ ਹੈ। ਇਹ ਸਭ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੀਤਾ ਜਾਂਦਾ, ਕਿਉਂਕਿ ਬਾਦਲ ਅਤੇ ਕੈਪਟਨ- ਕਾਂਗਰਸ ਦਾ ਇੱਕ ਦੂਜੇ ਨੂੰ ਬਚਾਉਣ ਦਾ ਲੰਮਾ ਇਤਿਹਾਸ ਰਿਹਾ ਹੈ।” ਚੀਮਾ ਨੇ ਕਿਹਾ ਕਿ ਇਹ ਕੇਵਲ ਪੰਜਾਬ ‘ਚ ਸਿੱਖ ਧਰਮ ਦਾ ਮਾਮਲਾ ਨਹੀਂ ਹੈ, ਸਗੋਂ ਹਿੰਦੂ ਤੇ ਇਸਲਾਮ ਧਰਮ ਦਾ ਵੀ ਹੈ ਕਿਉਂਕਿ ਸਾਲ 2015 ਤੇ 2017 ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਗਵਤ ਗੀਤਾ ਅਤੇ ਪਵਿੱਤਰ ਕੁਰਾਨ ਦੀਆਂ ਬੇਅਦਬੀ ਕਰਨ ਦੀਆਂ ਕਰੀਬ 170 ਘਟਨਾਵਾਂ ਹੋਈਆਂ ਹਨ। ਐਨਾ ਹੀ ਨਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਈ ਤਰਾਂ ਦੇ ਪੋਸਟਰ ਵੀ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਵੱਡੇ ਦੁੱਖ ਦੀ ਗੱਲ ਹੈ ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਵੀ ਬੰਦ ਨਹੀਂ ਹੋਈਆਂ ਅਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ, ਜਿਸ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹੋਏ ਹਨ।
‘ਆਪ’ ਆਗੂ ਨੇ ਕਿਹਾ ਕਿ ਵਿਸ਼ੇਸ਼ ਜਾਂਚ ਕਮੇਟੀ, ਜਾਂਚ ਪੈਨਲ ਅਤੇ ਜਾਂਚ ਅਯੋਗ ਵੱਲੋਂ ਦਿੱਤੀਆਂ ਰਿਪੋਰਟਾਂ ਬੇਅਦਬੀ ਦੀ ਘਟਨਾ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਪੁਲੀਸ ਦੀ ਗੈਰ ਗੰਭੀਰਤਾ ਅਤੇ ਰਾਜਨੀਤਿਕ ਦਖ਼ਲਅੰਦਾਜ਼ੀ ਦਾ ਵਰਣਨ ਕਰ ਚੁੱਕੀਆਂ ਹਨ। ਇਨ੍ਹਾਂ ਹੀ ਜਾਂਚ ਰਿਪੋਰਟਾਂ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਕਈ ਹੋਰ ਰਾਜਨੀਤਿਕ ਆਗੂਆਂ ਦੇ ਨਾਂਅ ਉਜਾਗਰ ਕਰ ਚੁੱਕੀਆਂ ਹਨ, ਪਰ ਕਾਂਗਰਸ ਸਰਕਾਰ ਨੇ ਕਦੇ ਵੀ ਇਨ੍ਹਾਂ ਜਾਂਚ ਰਿਪੋਰਟਾਂ ਨੂੰ ਲੋਕਾਂ ਵਿੱਚ ਪੇਸ਼ ਨਹੀਂ ਕੀਤਾ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕੋਈ ਠੋਸ ਕਾਰਵਾਈ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਸਿੱਖਾਂ ਸਮੇਤ ਹੋਰਨਾਂ ਵਰਗਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਸਮਾਂ ਸੀ, ਪਰ ਉਨ੍ਹਾਂ ਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਇਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿਹੀਆਂ ਰਿਵਾਇਤੀ ਪਾਰਟੀਆਂ ਦੀ ਘਿਨੌਣੀ ਰਾਜਨੀਤੀ ਕਰਕੇ ਧਰਮ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਰਾਜਨੀਤਿਕ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਵਿੱਚ ਵੋਟਾਂ ਲੈਣ ਲਈ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਦੀ ਘਟਨਾ ਇਸ ਦੀ ਉਦਾਹਰਨ ਹੈ। ਚੀਮਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲਈ ਬੇਅਦਬੀ, ਗੋਲੀ ਕਾਂਡ ਜਿਹੇ ਮਾਮਲਿਆਂ ‘ਚ ਸਿੱਖ ਸੰਗਤ ਨੂੰ ਇਨਸਾਫ਼ ਦੇਣਾ ਇੱਕ ਵੱਡੀ ਜ਼ਿੰਮੇਵਾਰੀ ਹੋਵੇਗੀ। ਪੰਜਾਬ ਦੇ ਲੋਕ ਜਿਸ ਵਿਸ਼ਵਾਸ ਨਾਲ ਸੂਬੇ ‘ਚ ‘ਆਪ’ ਦੀ ਸਰਕਾਰ ਬਣਾਉਣਗੇ। ‘ਆਪ’ ਦੀ ਸਰਕਾਰ ਲੋਕਾਂ ਦੇ ਵਿਸ਼ਵਾਸ ਨੂੰ ਤੋੜੇਗੀ ਨਹੀਂ। ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕੋਈ ਰਾਜਨੀਤਿਕ ਦਲ ਦਾ ਆਗੂ ਹੋਵੇ ਜਾਂ ਕੋਈ ਆਮ ਵਿਅਕਤੀ। ਦੋਸ਼ੀਆਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਹੀ ਨਾਨਕ ਨਾਮ ਲੇਵਾ ਸੰਗਤ ਨੂੰ ਖ਼ੁਸ਼ੀ ਦੇਵੇਗਾ।
Share the post "ਸੱਤ ਸਾਲਾਂ ਬਾਅਦ ਵੀ ਕੋਈ ਜਾਂਚ ਕਮੇਟੀ, ਸੀਬੀਆਈ ਅਤੇ ਜਾਂਚ ਪੈਨਲ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਦੇ ਪਾਇਆ: ਹਰਪਾਲ ਸਿੰਘ ਚੀਮਾ"