4 Views
ਬੀਬੀ ਜਗੀਰ ਕੌਰ ਨੂੰ 62 ਵੋਟਾਂ ਦੇ ਫ਼ਰਕ ਨਾਲ ਹਰਾਇਆ ਧਾਮੀ ਨੂੰ 104 ਤੇ ਬੀਬੀ ਨੂੰ 42 ਵੋਟਾਂ ਹੀ ਮਿਲੀਆਂ
ਪੰਜਾਬੀ ਖ਼ਬਰਸਾਰ ਬਿਊਰੋ
ਸ੍ਰੀ ਅੰਮ੍ਰਿਤਸਰ ਸਾਹਿਬ, 9 ਨਵੰਬਰ: ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਦੇਸ਼ ਵਸਦੇ ਸਿੱਖਾਂ ਚ ਚਰਚਾ ਦਾ ਵਿਸ਼ਾ ਬਣੀ ਹੋਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅੱਜ ਹੋਈ ਚੋਣ ਵਿੱਚ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਮੈਦਾਨ ਵਿਚ ਨਿੱਤਰੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 62 ਦੇ ਫ਼ਰਕ ਨਾਲ ਹਰਾਇਆ। ਪ੍ਰਧਾਨ ਸ: ਧਾਮੀ ਨੂੰ ਕੁੱਲ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹੀ ਮਿਲੀਆਂ। ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਦੀ ਚੋਣ ਜਿੱਤਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਖਾਸਕਰ ਬਾਦਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ ਪ੍ਰੰਤੂ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਪੰਥ ਦੇ ਨਾਂ ‘ਤੇ ਸਿਆਸਤ ਕਰਨ ਵਾਲੇ ਅਕਾਲੀ ਦਲ ਬਾਦਲ ਨੂੰਹ ਦੀਆਂ ਵੋਟਾਂ ਘਟਣ ਨਾਲ ਵੱਡੀ ਸੰਨ੍ਹ ਲੱਗੀ ਹੈ। ਬੀਬੀ ਜਗੀਰ ਕੌਰ ਦੀ ਹਮਾਇਤ ਬਾਦਲ ਵਿਰੋਧੀ ਧੜੇ ਸੁਖਦੇਵ ਸਿੰਘ ਢੀਂਡਸਾ ਤੋਂ ਲੈ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਦਿੱਲੀ ਕਮੇਟੀ ਦੇ ਆਗੂਆਂ ਸਹਿਤ ਅਕਾਲੀ ਦਲ ਬਾਦਲ ਦੇ ਦੋਸ਼ਾਂ ਮੁਤਾਬਕ ਭਾਜਪਾ ਵੱਲੋਂ ਵੀ ਕੀਤੀ ਜਾ ਰਹੀ ਸੀ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਸੀ। ਜ਼ਿਕਰ ਕਰਨਾ ਬਣਦਾ ਹੈ ਕਿ ਲਗਾਤਾਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ‘ਚ ਮਾਤ ਖਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਧਾਰਮਿਕ ਖੇਤਰ ਚ ਠਿੱਬੀ ਲਾਉਣ ਲਈ ਸਮੂਹ ਵਿਰੋਧੀ ਇਕਜੁੱਟ ਹੋ ਕੇ ਹੱਲਾ ਬੋਲ ਰਹੇ ਸਨ।