6 Views
ਸੱਤ ਮੰਤਰੀ ਦੇ ਅਹੁਦੇ ਹਾਲੇ ਵੀ ਖਾਲੀ ਰੱਖਣ ਦੇ ਚਰਚੇ
ਦੂਜੀ ਵਾਰ ਜਿੱਤੇ ਅੱਧੀ ਦਰਜ਼ਨ ਸੀਨੀਅਰ ਆਗੂਆਂ ਨੂੰ ਕੀਤਾ ਨਜ਼ਰਅੰਦਾਜ਼
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਵਰਗੇ ਮਹਾਨਗਰਾਂ ਵਿੱਚੋਂ ਨਹੀਂ ਲਿਆ ਜਾ ਰਿਹਾ ਹੈ ਕੋਈ ਮੰਤਰੀ
ਮੰਤਰੀ ਮੰਡਲ ਬਣਨ ਤੋਂ ਤੁਰੰਤ ਬਾਅਦ ਹੋਵੇਗੀ ਪਹਿਲੀ ਕੈਬਨਿਟ ਦੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ,18 ਮਾਰਚ: ਲੰਘੀ 10 ਮਾਰਚ ਨੂੰ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਲਕੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੂਜੀ ਵਾਰ ਜਿੱਤੇ ਦੋ ਪੁਰਾਣੇ ਆਗੂਆਂ ਸਹਿਤ ਅੱਠ ਨਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਭਲਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਜਿਨ੍ਹਾਂ ਦਸ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾ ਰਹੀ ਹੈ ਉਨ੍ਹਾਂ ਵਿੱਚ ਪੁਰਾਣੇ ਵਿਧਾਇਕਾਂ ਵਿਚੋਂ ਦਿੜਬਾ ਹਲਕੇ ਤੋਂ ਹਰਪਾਲ ਸਿੰਘ ਚੀਮਾ ਅਤੇ ਬਰਨਾਲਾ ਹਲਕੇ ਤੋਂ ਯੂਥ ਆਗੂ ਗੁਰਮੀਤ ਸਿੰਘ ਮੀਤ ਹੇਅਰ ਦਾ ਨਾਂ ਬੋਲਦਾ ਹੈ ਜਦੋਂ ਕਿ ਮੰਤਰੀ ਬਣਨ ਜਾ ਰਹੇ ਬਾਕੀ ਅੱਠ ਵਿਧਾਇਕ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਇਨ੍ਹਾਂ ਵਿੱਚ ਮਲੋਟ ਹਲਕੇ ਤੋਂ ਜਿੱਤੇ ਡਾ ਬਲਜੀਤ ਕੌਰ, ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਮਾਨਸਾ ਤੋਂ ਡਾ ਵਿਜੈ ਸਿੰਗਲਾ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਭੋਆ ਤੋਂ ਲਾਲਚੰਦ ਕਟਾਰੂਚੱਕ ਤੇ ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਦੇ ਨਾਮ ਸ਼ਾਮਲ ਹਨ। ਸੂਚਨਾ ਮੁਤਾਬਕ ਕੈਬਨਿਟ ਵਿੱਚ ਸ਼ਾਮਲ ਕੀਤੇ ਜਾ ਰਹੇ 10 ਚਿਹਰਿਆਂ ਵਿੱਚੋਂ ਮਾਲਵਾ ਨਾਲ ਸਬੰਧਤ ਚਾਰ, ਮਾਝੇ ਤੋਂ ਪੰਜ ਅਤੇ ਦੋਆਬਾ ਖੇਤਰ ਤੋਂ ਇੱਕ ਵਿਧਾਇਕ ਸ਼ਾਮਲ ਹੈ ਜਦੋਂ ਕਿ ਪਾਰਟੀ ਨੇ ਪੰਜਾਬ ਦੇ ਪੰਜ ਮਹਾਨਗਰਾਂ ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚੋਂ ਕਿਸੇ ਵਿਧਾਇਕ ਨੂੰ ਮੰਤਰੀ ਵਜੋਂ ਨਹੀਂ ਸ਼ਾਮਲ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਵੱਲੋਂ ਮੰਤਰੀ ਮੰਡਲ ਦੀ ਇਹ ਸੂਚੀ ਪੰਜਾਬੀਆਂ ਲਈ ਕਾਫ਼ੀ ਹੈਰਾਨੀਜਨਕ ਮੰਨੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਪਾਰਟੀ ਦੇ ਦਿੱਗਜ਼ ਆਗੂਆਂ ਅਮਨ ਅਰੋੜਾ, ਪ੍ਰੋ ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਕਾਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਵਾਲੀ ਪ੍ਰੋ ਜੀਵਨਜੋਤ ਕੌਰ ਦਾ ਨਾਂ ਆਮ ਲੋਕਾਂ ਦੀ ਜੁਬਾਨ ‘ਤੇ ਚੱਲ ਰਿਹਾ ਸੀ। ਸਿਆਸੀ ਮਾਹਰਾਂ ਮੁਤਾਬਕ ਭਲਕੇ ਕੈਬਨਿਟ ਵਿੱਚ ਸ਼ਾਮਲ ਹੋ ਰਹੇ ਮੰਤਰੀਆਂ ਵਿੱਚੋਂ ਜ਼ਿਆਦਾਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਸੰਦ ਦੱਸੇ ਜਾ ਰਹੇ ਹਨ। ਉਂਜ ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਪਹਿਲੀ ਵਾਰ ਜਿੱਤੇ ਅੱਠ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਚਲੇ ਆ ਰਹੇ ਹਨ ਅਤੇ ਕਈਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ ਪ੍ਰੰਤੂ ਸਫਲ ਨਹੀਂ ਹੋ ਸਕੇ ਸਨ। ਉਂਜ ਮਲੋਟ ਰਾਖਵੇਂ ਹਲਕੇ ਤੋਂ ਮੰਤਰੀ ਬਣ ਜਾ ਰਹੀ ਡਾ ਬਲਜੀਤ ਕੌਰ ਪਾਰਟੀ ਦੇ ਸਾਬਕਾ ਐਮਪੀ ਪ੍ਰੋ ਸਾਧੂ ਸਿੰਘ ਦੀ ਧੀ ਹੈ ਜਦੋਂ ਕਿ ਮਾਨਸਾ ਤੋਂ ਮੰਤਰੀ ਬਣ ਜਾ ਰਹੇ ਡਾ ਵਿਜੇ ਸਿੰਗਲਾ ਨੇ ਕਾਂਗਰਸ ਦੇ ਉਮੀਦਵਾਰ ਅਤੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਨੂੰ ਮਾਤ ਦਿੱਤੀ ਹੈ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਤੇ ਪਾਰਟੀ ਦੇ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਹਰਾਇਆ ਹੈ। ਜਦੋਂਕਿ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾਇਆ ਹੈ। ਨਵੀਂ ਬਣਨ ਜਾ ਰਹੇ ਮੰਤਰੀ ਮੰਡਲ ਵਿੱਚ ਭਗਵੰਤ ਮਾਨ ਤੋਂ ਬਾਅਦ ਇਕੱਲੇ ਹਰਪਾਲ ਸਿੰਘ ਚੀਮਾ ਹੀ ਤਜਰਬੇਕਾਰ ਆਗੂ ਮੰਨੇ ਜਾ ਰਹੇ ਹਨ ਜਿਹੜੇ ਪਹਿਲਾਂ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਕੰਮ ਕਰ ਚੁੱਕੇ ਹਨ । ਇਹ ਵੀ ਸੂਚਨਾ ਮਿਲੀ ਹੈ ਕਿ ਮਾਲਵਾ ਤੋਂ ਦੂਜੀ ਵਾਰ ਜਿੱਤੇ ਪਾਰਟੀ ਦੇ ਕੱਦਾਵਰ ਨੇਤਾ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਸਕਦਾ ਹੈ ਹਾਲਾਂਕਿ ਇਸ ਅਹੁਦੇ ਲਈ ਪਹਿਲਾਂ ਦੂਜੀ ਦੂਜੀ ਵਾਰ ਜਿੱਤੀਆਂ ਮਹਿਲਾ ਵਿਧਾਇਕਾਵਾਂ ਪ੍ਰੋ ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ ਦਾ ਨਾਮ ਵੀ ਚੱਲ ਰਿਹਾ ਸੀ। ਉੱਧਰ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੈਬਨਿਟ ਦੇ ਗਠਨ ਤੋਂ ਬਾਅਦ ਦੁਪਹਿਰ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਣ ਜਾ ਰਹੀ ਹੈ ਜਿਸ ਵਿਚ ਮਹੱਤਵਪੂਰਨ ਫ਼ੈਸਲੇ ਲਏ ਜਾ ਸਕਦੇ ਹਨ।
Share the post "ਹਰਪਾਲ ਚੀਮਾ ਤੇ ਮੀਤ ਹੇਅਰ ਸਾਹਿਤ ਦਸ ਵਿਧਾਇਕ ਭਲਕੇ ਚੁੱਕਣਗੇ ਕੈਬਨਿਟ ਮੰਤਰੀ ਵਜੋਂ ਸਹੁੰ "