ਹਰਸਿਮਰਤ ਨੇ ਕਾਂਗਰਸ ’ਤੇ ਲਗਾਇਆ ਕਿਸਾਨਾਂ ਦੇ ਨਾਂ ਉਪਰ ਡਰਾਮੇ ਕਰਨ ਦਾ ਦੋਸ਼

0
56
img
0

ਕਿਹਾ ਕਿ ਅਕਾਲੀ ਦਲ ਸੰਸਦ ਦੇ ਬਾਹਰ ਸਾਰੇ ਸੈਸ਼ਨ ਦੌਰਾਨ ਉਦੋਂ ਤੱਕ ਰੋਸ ਪ੍ਰਦਰਸ਼ਨ ਕਰਦਾ ਰਹੇਗਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਚਰਚਾ ਨਹੀਂ ਕੀਤੀ ਜਾਂਦੀ
ਸੁਖਜਿੰਦਰ ਮਾਨ
ਨਵੀਂ ਦਿੱਲੀ, 6 ਅਗੱਸਤ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਉਪਰ ਕਿਸਾਨਾਂ ਦੀ ਹਿਮਾਇਤ ਦੇ ਨਾਂ ਉਪਰ ਡਰਾਮਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਦੱਸੇ ਕਿ ਸਦਨ ਦੇ ਅੰਦਰ ਤਿੰਨ ਖੇਤੀ ਕਾਨੁੰਨ ਰੱਦ ਕਰਨ ਦੀ ਮੰਗ ’ਤੇ ਚਰਚਾ ਕਰਨ ਦਾ ਮੁੱਦਾ ਚੁੱਕਣ ਤੋਂ ਇਨਕਾਰੀ ਕਿਉਂ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਢਾਈ ਹਫਤਿਆਂ ਤੋਂ ਸੰਸਦ ਦਾ ਸੈਸ਼ਨ ਚਲ ਰਿਹਾ ਹੈ ਤੇ ਰੋਜ਼ਾਨਾ ਕਾਂਗਰਸ ਪਾਰਟੀ ਪੈਗਾਸਸ ਨਿਗਰਾਨੀ ਮਾਮਲੇ ’ਤੇ ਚਰਚਾ ਕਰਨ ਦੀ ਮੰਗ ਕਰ ਰਹੀ ਹੈ। ਪਰ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀ ਆਵਾਜ਼ ਕੁਚਲਣ ਲਈ ਕੇਂਦਰ ਸਰਕਾਰ ਨਾਲ ਰਲ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਾਰੀਆਂ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਸੀ ਕਿ ਕਿਸਾਨਾਂ ਦੇ ਮੁੱਦੇ ਰਲ ਕੇ ਚੁੱਕੇ ਜਾਣ ਪਰ ਕਾਂਗਰਸ ਪਾਰਟੀ ਨੇ ਇਸ ਅਪੀਲ ’ਤੇ ਕੋਈ ਹੁੰਗਾਰਾ ਭਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਸਾਰੇ ਐਮ ਪੀ ਸਾਰੇ ਸੈਸ਼ਨ ਤੱਕ ਜਾਂ ਜਦੋਂ ਤੱਕ ਸੰਸਦ ਵਿਚ ਅੰਨਦਾਤਾ ਦੀ ਆਵਾਜ਼ ਨਹੀਂ ਚੁੱਕੀ ਜਾਂਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਸੰਸਦ ਦੇ ਬਾਹਰ ਅਕਾਲੀ ਦਲ ਤੇ ਬਸਪਾ ਸੰਸਦ ਮੈਂਬਰਾਂ ਨਾਲ ਰਲ ਕੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਿਰਫ ਇਹੀ ਸਾਡਾ ਏਜੰਡਾ ਹੈ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਨਰੇਂਦਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਅਸੀਂ ਉਹਨਾਂ ਲਈ ਨਿਆਂ ਮੰਗਦੇ ਰਹਾਂਗੇ।

0

LEAVE A REPLY

Please enter your comment!
Please enter your name here