ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜੁਲਾਈ : ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੀ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਭਰ ਦੇ ਹਜ਼ਾਰਾਂ ਸਰਪੰਚਾਂ ਅਤੇ ਪੰਚਾਂ ਦੇ ਮਾਨਭੱਤੇ ਵਿਚ ਵਾਧਾ ਕੀਤਾ ਹੈ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਹੁਣ ਸਰਪੰਚਾਂ ਨੂੰ 5 ਹਜਾਰ ਰੁਪਏ ਅਤੇ ਪੰਚਾਂ ਨੁੰ 1600 ਰੁਪਏ ਮਾਨਭੱਤਾ ਮਿਲੇਗਾ। ਵੱਡੀ ਗੱਲ ਇਹ ਹੈ ਕਿ ਇਹ ਵਧਿਆ ਹੋਇਆ ਭੱਤਾ ਲੰਘੀ 1 ਅਪ੍ਰੈਲ, 2023 ਤੋਂ ਲਾਗੂ ਹੋਵੇਗਾ ਤੇ ਬਕਾਇਆ ਵਾਧੂ ਰਾਸੀ ਵੀ ਮਿਲੇਗੀ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਹਰਿਆਣਾ ਵਿਚ ਸਰਪੰਚਾਂ ਅਤੇ ਪੰਚਾਂ ਨੂੰ ਕ੍ਰਮਵਾਰ 3,000 ਰੁਪਏ ਅਤੇ ਪੰਚਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਹਰਿਆਣਾ ਸਰਕਾਰ ਨੇ ਸਰਪੰਚਾਂ ਤੇ ਪੰਚਾਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਹਰਿਆਣਾ ਪੰਚਾਇਤੀ ਰਾਜ ਵਿੱਤ, ਬਜਟ, ਲੇਖਾ, ਲੇਖਾ ਪ੍ਰੀਖਿਆ ਕਰਾਧਾਨ ਅਤੇ ਸੰਕਰਮ ਨਿਯਮ 1995 ਵਿਚ ਸੋਧ ਕੀਤੀ ਹੈ।
ਬਾਕਸ
ਛੜਿਆਂ ਨੂੰ ਵੀ ਲਾਗੂ ਕਰ ਚੁੱਕੀ ਹੈ ਹਰਿਆਣਾ ਸਰਕਾਰ ਪੈਨਸ਼ਨ
ਬਠਿੰਡਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਛੜਿਆਂ ਨੂੰ ਵੀ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸ ਐਲਾਨ ਤਹਿਤ 45 ਤੋਂ 60 ਸਾਲ ਤੱਕ ਦੇ ਸਾਰੇ ਅਣਵਿਆਹੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2750 ਰੁਪਏ ਮਿਲਿਆ ਕਰਨਗੇ। ਇਸਤੋਂ ਬਾਅਦ 60 ਸਾਲ ਦੀ ਉਮਰ ਪੂਰੀ ਹੋਣ ’ਤੇ ਬੁਢਾਪਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸਦੇ ਲਈ ਸ਼ਰਤ ਇਹ ਰੱਖੀ ਗਈ ਹੈ ਕਿ ਅਣਵਿਆਹੁਤਾ ਪੈਨਸਨ ਲਈ ਸਲਾਨਾ ਆਮਦਨ 1 ਲੱਖ 80 ਹਜ਼ਾਰ ਤੋਂ ਘੱਟ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਇਸ ਸਕੀਮ ਵਿਚ ਵਿਧਵਾ ਪੁਰਸ਼ਾਂ ਤੇ ਇਸਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Share the post "ਹਰਿਆਣਾ ’ਚ ਹੁਣ ਸਰਪੰਚਾਂ ਨੂੰ ਮਿਲਣਗੇ ਹਰ ਮਹੀਨੇ 5 ਹਜ਼ਾਰ ਤੇ ਪੰਚਾਂ ਨੂੰ 1600 ਰੁਪਏ"