ਹਰਿਆਣਾ ਦੇ ਮੁੱਖ ਮੰਤਰੀ ਦੀ ਅਪੀਲ ’ਤੇ 21 ਦਸੰਬਰ ਤੱਕ ਨਵੇਂ ਪ੍ਰਧਾਨ ਦੀ ਚੋਣ ਤੱਕ ਸੰਭਾਲਦੇ ਰਹਿਣਗੇ
ਕਮੇਟੀ ਦੇ ਮੈਂਬਰਾਂ ਨਾਲ ਮੁੱਖ ਮੰਤਰੀ ਵਲੋਂ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ : ਪਿਛਲੇ ਸਮੇਂ ਤੋਂ ਹੀ ਸਿੱਖ ਹਲਕਿਆਂ ਵਿਚ ਚਰਚਾ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਐਡਹਾਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਪੀਲ ’ਤੇ ਉਨ੍ਹਾਂ 21 ਦਸੰਬਰ ਤੱਕ ਜਿੰਮੇਵਾਰੀ ਸੰਭਾਲਦੇ ਰਹਿਣ ਦਾ ਭਰੋਸਾ ਦਿੱਤਾ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀਂ ਹਰਿਆਣਾ ਸਰਕਾਰ ਵਲੋਂ ਸੂਬੇ ’ਚ ਕਮੇਟੀ ਦੀਆਂ ਚੋਣਾਂ ਹੋਣ ਤੱਕ ਗੁਰੂਘਰਾਂ ਦਾ ਪ੍ਰਬੰਧ ਸੰਭਾਲਣ ਲਈ ਐਲਾਨੀ 41 ਮੈਂਬਰੀ ਕਮੇਟੀ ਵਿਚੋਂ ਪ੍ਰਧਾਨ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਰੱਖੀ ਗਈ ਹੈ। ਅੱਜ ਇੰਨ੍ਹਾਂ ਮੈਂਬਰਾਂ ਸਹਿਤ ਹੋਰਨਾਂ ਸਿੱਖ ਆਗੂਆਂ ਵਲੋਂ ਇੱਥੇ ਮੁੱਖ ਮੰਤਰੀ ਦੇ ਸੰਤ ਕਬੀਰ ਕੁਟੀਰ ਨਿਵਾਸ ਪਹੁੰਚ ਕੇ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਲ 2013 ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਐਕਟ ਬਣਿਆ ਸੀ ਜਿਸ ਨੂੰ ਬਾਅਦ ਵਿਚ ਸਾਲ 2014 ਵਿਚ ਕੋਰਟ ਵਿਚ ਚਨੌਤੀ ਦਿੱਤੀ ਗਈ। ਹਰਿਆਣਾ ਦੇ ਸਿੱਖ ਸਮਾਜ ਦੇ ਲੋਕਾਂ ਦੀ ਇੱਛਾ ਸੀ ਕਿ ਹਰਿਆਣਾ ਦੇ ਗੁਰੂਦੁਆਰਿਆਂ ਦਾ ਪੈਸਾ ਹਰਿਆਣਾ ਵਿਚ ਹੀ ਖਰਚ ਹੋਵੇ ਅਤੇ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਾ ਹੋਵੇ ਇਸ ਲਈ ਸਰਕਾਰ ਨੇ ਵੀ ਆਪਣਾ ਫਰਜ ਨਿਭਾਉਂਦੇ ਹੋਏ ਸੁਪਰੀਮ ਕੋਰਟ ਤਕ ਪੈਰਵੀ ਕੀਤੀ ਅਤੇ ਸੁਪਰੀਮ ਕੋਰਟ ਨੇ ਸਾਲ 22 ਸਤੰਬਰ, 2022 ਨੁੰ ਫੈਸਲਾ ਦਿੱਤਾ ਕਿ ਹਰਿਆਣਾ ਦੀ ਵੱਖ ਤੋਂ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣੇ। ਜਿਸਤੋਂ ਬਾਅਦ ਹਰਿਆਣਾ ਗ੍ਰਹਿ ਵਿਭਾਗ ਨੇ 41 ਮੈਂਬਰੀ ਐਡਹਾਕ ਕਮੇਟੀ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਹੁਣ 21 ਦਸੰਬਰ ਨੂੰ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਲਈ 11 ਮੈਂਬਰੀ ਕਾਰਜਕਾਰੀ ਕਮੇਟੀ ਗਠਨ ਕੀਤੀ ਜਾਵੇਗੀ। ਜਿਸ ਵਿਚ 5 ਅਧਿਕਾਰੀ ਅਤੇ 6 ਮੈਂਬਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਹਰਿਆਣਾ ਦੇ ਸਾਰੇ 52 ੲਤਿਹਾਸਕ ਗੁਰੂਦੁਆਰਾ ਸਾਹਿਬ ਗੁਰੂਦੁਆਰਿਆਂ ਦਾ ਪ੍ਰਸਾਸ਼ਨਿਕ ਪ੍ਰਬੰਧਨ ਦਾ ਕਾਰਜ ਦੇਵੇਗੀ। ਉਨ੍ਹਾਂ ਨੇ ਕਿਹਾ ਕਿ 41 ਮੈਂਬਰੀ ਕਮੇਟੀ ਅਸਥਾਈ ਹੈ ਅਤੇ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਮੈਂਬਰਾਂ ਦੀ ਚੋਣ ਤੱਕ ਕੰਮ ਕਰਦੀ ਰਹੇਗੀ। ਚੋਣ ਦੀ ਜਿਮੇਵਾਰੀ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੂੰ ਦਿੱਤੀ ਗਈ ਹੈ। ਸੱਭ ਤੋਂ ਪਹਿਲਾਂ ਹਰਿਆਣਾ ਦੇ ਸਿੱਖਾਂ ਦੀ ਵੋਟਰ ਲਿਸਟ ਤਿਆਰ ਕੀਤੀ ਜਾਵੇਗੀ। ਇਸ ਪ੍ਰਕ੍ਰਿਆ ਵਿਚ 6 ਮਹੀਨੇ ਦਾ ਸਮੇਂ ਲਗਣ ਦੀ ਉਮੀਦ ਹੈ। ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ ਕੁਰੂਕਸ਼ੇਤਰ ਵਿਚ ਹੀ ਹੋਵੇਗਾ।
Share the post "ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਅਸਤੀਫ਼ਾ"