ਲੋਕਾਂ ਨੇ ਅਧਿਕਾਰੀਆਂ ’ਤੇ ਲਗਾਏ ਪੱਖਪਾਤ ਦੇ ਦੋਸ਼, ਕਈ ਥਾਂ ਹੋਈ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਹਾਈਕੋਰਟ ਦੀ ਮਾਣਹਾਣੀ ਦੇ ਡਰ ਤੋਂ ਬੀਡੀਏ ਅਧਿਕਾਰੀਆਂ ਨੇ ਅੱਜ ਭਾਰੀ ਫ਼ੋਰਸ ਲੈ ਕੇ ਸਥਾਨਕ ਸ਼ਹਿਰ ਦੇ ਪਾਸ ਇਲਾਕੇ ਮਾਡਲ ਟਾਊਨ ਵਿਚ ਸੈਕੜੇਂ ਘਰਾਂ ਅੱਗੇ ਬਣੇ ਨਜਾਇਜ਼ ਪਾਰਕਾਂ ਤੇ ਗਰਿੱਲਾਂ ਲਗਾ ਕੇ ਕੀਤੀਆਂ ਚਾਰਦੀਵਾਰੀਆਂ ਨੂੰ ਢਾਹ ਦਿੱਤਾ। ਪਰ ਇਸ ਦੌਰਾਨ ਲੋਕਾਂ ਨੇ ਬੀਡੀਏ ਅਧਿਕਾਰੀਆਂ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਚੁਣੌਤੀ ਦਿੱਤੀ ਕਿ ਉਹ ਆਮ ਲੋਕਾਂ ਦੀ ਬਜਾਏ ਮਾਡਲ ਟਾਊਨ ’ਚ ਰਹਿਣ ਵਾਲੇ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਵੱਡੇ ਵਕੀਲਾਂ ਸਹਿਤ ਉਚ ਅਧਿਕਾਰੀਆਂ ਦੇ ਘਰਾਂ ਵੱਲ ਰੁੱਖ ਕਰਨ, ਜਿਸਤੋਂ ਬਾਅਦ ਉਹ ਖੁਦ ਅਪਣੇ ਆਪ ਹੀ ਅਪਣੇ ਘਰਾਂ ਅੱਗੇ ਬਣੇ ਪਾਰਕਾਂ ਨੂੰ ਢਾਹ ਦੇਣਗੇ। ਪ੍ਰੰਤੂ ਬੀਡੀਏ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਿਰਫ਼ ਉਹ ਘਰ ਛੱਡੇ ਗਏ ਹਨ, ਜਿੰਨ੍ਹਾਂ ਨੂੰ ਅਦਾਲਤ ਵਲੋਂ ਸਟੇਅ ਮਿਲੀ ਹੋਈ ਹੈ। ਜਿਕਰਯੋਗ ਹੈ ਕਿ ਬੀਡੀਏ ਲਈ ਇਹ ਮਸਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿਉਂਕਿ ਇਸ ਸਬੰਧ ਵਿਚ ਮਾਡਲ ਟਾਊਨ ਦੇ ਹੀ ਕੁੱਝ ਲੋਕਾਂ ਵਲੋਂ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ ਕਿ ਸ਼ਹਿਰ ਦੇ ਇਸ ਪਾਸ਼ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸੜਕਾਂ ਦੇ ਨਾਲ ਫੁੱਟਪਾਥਾਂ ਲਈ ਛੱਡੇ ਹੋਏ ਰਾਸਤਿਆਂ ’ਤੇ ਨਜਾਇਜ਼ ਕਬਜੇ ਕਰਕੇ ਇੰਨ੍ਹਾਂ ਉਪਰ ਪਾਰਕ, ਪਾਰਕਿੰਗ ਤੇ ਹੋਰ ਕੰਮਕਾਜ਼ਾਂ ਵਾਸਤੇ ਗਰਿੱਲਾਂ ਜਾਂ ਇੱਟਾਂ ਨਾਲ ਚਾਰਦੀਵਾਰੀਆਂ ਕੀਤੀਆਂ ਹੋਈਆਂ ਹਨ। ਹਾਈਕੋਰਟ ਦੇ ਹੁਕਮਾਂ ‘ਤੇ ਇਸਤੋਂ ਪਹਿਲਾਂ ਵੀ ਕਈ ਵਾਰ ਬੀਡੀਏ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੰਨ੍ਹਾਂ ਇਲਾਕਿਆਂ ਵਿਚ ਮੁਹਿੰਮ ਚਲਾਈ ਗਈ ਸੀ ਪ੍ਰੰਤੂ ਖਾਨਾਪੂਰਤੀ ਲਈ ਵਿੱਢੀਆਂ ਇੰਨ੍ਹਾਂ ਮੁਹਿੰਮਾਂ ਦੇ ਕੋਈ ਸਾਰਥਿਕ ਸਿੱਟੇ ਨਾ ਨਿਕਲਣ ਕਾਰਨ ਸਿਕਾਇਤਕਰਤਾਵਾਂ ਨੇ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਸਾਸਨ ਤੇ ਬੀਡੀਏ ਵਿਰੁਧ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਮਾਣਹਾਣੀ ਦਾ ਕੇਸ ਦਾਈਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਹਾਈਕੋਰਟ ’ਚ ਇਸ ਕੇਸ ਦੀ ਅਗਲੀ ਸੁਣਵਾਈ 25 ਅਗੱਸਤ ਨੂੰ ਤੈਅ ਹੈ, ਜਿਸਦੇ ਚੱਲਦੇ ਬੀਡੀਏ ਵਲੋਂ ਅਪਣੀ ਚਮੜ੍ਹੀ ਬਚਾਉਣ ਲਈ ਹੁਣ ਮੁੜ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਬੀਡੀਏ ਦੇ ਈ.ਓ ਤਰੁਣ ਅਗਰਵਾਲ, ਐਸ.ਡੀ.ਓ ਅੰਸੁਮਨ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਕਾਰਜ਼ਕਾਰੀ ਮੈਜਿਸਟਰੇਟ ਤਹਿਸੀਲੀਦਾਰ ਗੁਰਜੀਤ ਸਿੰਘ ਦੀ ਮੌਜੂਦਗੀ ਵਿਚ ਚੱਲੀ ਇਸ ਮੁਹਿੰਮ ਦੌਰਾਨ ਫ਼ੇਜ 1 ਇਲਾਕੇ ਵਿਚ ਪੁੱਡਾ ਦਫ਼ਤਰ ਦੇ ਪਿਛਲੇ ਪਾਸਿਓ ਇਹ ਮੁਹਿੰਮ ਸ਼ੁਰੂ ਕੀਤੀ ਗਈ। ਜਦੋਂਕਿ ਲੋਕਾਂ ਦੀ ਮੰਗ ਸੀ ਕਿ ਇਹ ਮੁਹਿੰਮ ਪੁੱਡਾ ਦਫਤਰ ਦੇ ਅੱਗਿਓ ਮੁੱਖ ਸੜਕ ਤੋਂ ਚੱਲਣੀ ਚਾਹੀਦੀ ਸੀ, ਜਿੱਥੇ ਵੀਆਈਪੀ ਲੋਕਾਂ ਦੀਆਂ ਕੋਠੀਆਂ ਅੱਗੇ ਕਈ-ਕਈ ਸੋ ਗਜ਼ ਜਗ੍ਹਾਂ ਵਿਚ ਸਰਕਾਰੀ ਥਾਵਾਂ ‘ਚ ਨਿੱਜੀ ਪਾਰਕ ਤੇ ਲਾਅਨ ਬਣੇ ਹੋਏ ਹਨ।
ਬਾਕਸ
ਕਿਸੇ ਨਾਲ ਪੱਖਪਾਤ ਨਹੀਂ, ਹਰੇਕ ਨਜਾਇਜ਼ ਉਸਾਰੀ ਢਾਹੀ ਜਾਵੇਗੀ: ਉਪ ਮੁੱਖ ਪ੍ਰਸ਼ਾਸਕ ਪੁੱਡਾ
ਬਠਿੰਡਾ: ਉਧਰ ਪੁੱਡਾ ਦੇ ਉਪ ਮੁੱਖ ਪ੍ਰਸ਼ਾਸਕ ਮੈਡਮ ਲਵਜੀਤ ਕੌਰ ਕਲਸੀ ਨੇ ਦਸਿਆ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ, ਬਲਕਿ ਉਹ ਘਰ ਕੁੱਝ ਜਰੂਰ ਛੱਡੇ ਗਏ ਹਨ, ਜਿੰਨ੍ਹਾਂ ਵੱਲੋਂ ਕਿਸੇ ਅਦਾਲਤ ਤੋਂ ਸਟੇਅ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਮਾਡਲ ਟਾਊਨ ਦੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਸੀ ਕਿ ਉਹ ਖ਼ੁਦ ਹੀ ਇੰਨ੍ਹਾਂ ਨਜਾਇਜ਼ ਪਾਰਕਾਂ ਤੇ ਉਸਾਰੀਆਂ ਨੂੰ ਹਟਾ ਲੈਣ ਪ੍ਰੰਤੂ ਅਪੀਲਾਂ ਨੂੰ ਨਾ ਮੰਨਣ ਤੋਂ ਬਾਅਦ ਹੀ ਇਹ ਮੁਹਿੰਮ ਚਲਾਈ ਗਈ ਹੈ। ਮੈਡਮ ਕਲਸੀ ਨੇ ਦਸਿਆ ਕਿ ਇਹ ਮੁਹਿੰਮ ਖ਼ਤਮ ਨਹੀਂ ਕੀਤੀ, ਬਲਕਿ ਆਉਣ ਵਾਲੇ ਦਿਨਾਂ ਵਿਚ ਮੁੜ ਇਹ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮ ਵੀ ਇਸ ਸਬੰਧ ਵਿਚ ਹੋਏ ਹਨ।
ਬਾਕਸ
ਕਾਨੂੰਨ ਮੁਤਾਬਕ ਕੀਤੀ ਕਾਰਵਾਈ: ਡੀਐਸਪੀ ਸਿਟੀ
ਬਠਿੰਡਾ: ਮੌਕੇ ’ਤੇ ਮੌਜੂਦ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਬੀਡੀਏ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਇਹ ਨਜਾਇਜ਼ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ ਤੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
Share the post "ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਠਿੰਡਾ ਦੇ ਪਾਸ਼ ਇਲਾਕੇ ’ਚ ਚੱਲਿਆ ਬੀਡੀਏ ਦਾ ਪੀਲਾ ਪੰਜਾ"