911 Views
ਸੁਖਜਿੰਦਰ ਮਾਨ
ਬਠਿੰਡਾ, 09 ਅਕਤੂਬਰ: ਪੀਆਰਟੀਸੀ ਹੁਣ ਸੂਬੇ ਦੇ ਨਵੇਂ ਬਣੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਹਿਰ ਗਿੱਦੜਵਹਾ ਵਿਖੇ ਨਵਾਂ ਸਬ ਡਿੱਪੂ ਖੋਲਣ ਜਾ ਰਹੀ ਹੈ। ਇਸਦੇ ਲਈ ਸਟਾਫ਼ ਤੇ ਹੋਰ ਪ੍ਰਬੰਧ ਬਠਿੰਡਾ ਡਿੱਪੂ ਵਿਚੋਂ ਹੀ ਕੀਤੇ ਜਾਣਗੇ। ਇਸ ਸਬੰਧ ਵਿਚ ਬੀਤੀ ਸ਼ਾਮ ਪੀਆਰਟੀਸੀ ਦੇ ਚੇਅਰਮੈਨ ਵਲੋਂ ਇੱਕ ਪੱਤਰ ਜਾਰੀ ਕਰਕੇ ਬਠਿੰਡਾ ਡਿੱਪੂ ਨੂੰ ਤਿਆਰੀਆਂ ਲਈ ਕਿਹਾ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਗਿੱਦੜਵਹਾ ਤੋਂ ਸੂਬੇ ਦੇ ਵੱਖ ਵੱਖ ਸ਼ਹਿਰਾਂ ਨੂੰ ਸਿੱਧੀਆਂ ਬੱਸਾਂ ਚਲਾਏ ਜਾਣ ਦੀ ਵੀ ਯੋਜਨਾ ਹੈ, ਜਿਸਦੇ ਲਈ ਨਵੇਂ ਤੇ ਪੁਰਾਣੇ ਪਰਮਿਟਾਂ ਨੂੰ ਵਾਚਿਆਂ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਹੁੰਦੇ ਰਾਜਾ ਵੜਿੰਗ ਨੇ ਗਿੱਦੜਵਹਾ ਤੋਂ ਸਿੱਧੀ ਚੰਡੀਗੜ੍ਹ ਲਈ ਬੱਸ ਚਲਾਈ ਸੀ। ਉਧਰ ਪੀਆਰਟੀਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇੰਨ੍ਹਾਂ ਨਵੇਂ ਆਦੇਸ਼ਾਂ ਨਾਲ ਸਿੱਧੇ ਤੌਰ ’ਤੇ ਕਾਰਪੋਰੇਸ਼ਨ ਉਪਰ ਕੋਈ ਆਰਥਿਕ ਪ੍ਰਭਾਵ ਨਹੀਂ ਪਏਗਾ, ਕਿਉਂਕਿ ਸਟਾਫ਼ ਤੇ ਹੋਰ ਪ੍ਰਬੰਧ ਬਠਿੰਡਾ ਡਿੱਪੂ ਵਿਚੋਂ ਹੀ ਕੀਤੇ ਜਾਣੇ ਹਨ। ਸੂਚਨਾ ਮੁਤਾਬਕ ਨਵੇਂ ਬਣਨ ਜਾ ਰਹੇ ਸਬ ਡਿੱਪੂ ਦਾ ਇੰਚਾਰਜ਼ ਇੱਕ ਸਟੇਸ਼ਨ ਸੁਪਰਵਾਈਜ਼ਰ ਲਗਾਇਆ ਜਾਵੇਗਾ ਅਤੇ ਲੋੜ ਅਨੁਸਾਰ ਓਪਰੇਸ਼ਨ ਤੇ ਵਰਕਸ਼ਾਪ ਸਟਾਫ਼ ਤੈਨਾਤ ਕੀਤਾ ਜਾਵੇਗਾ। ਜਦੋਂਕਿ ਪੂਰੀ ਤਰ੍ਹਾਂ ਜਿੰਮੇਵਾਰੀ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਦੀ ਹੀ ਰਹੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੀਆਰਟੀਸੀ ਦੇ ਪੂਰੇ ਪੰਜਾਬ ਵਿਚ 9 ਡਿੱਪੂ ਕੰਮ ਕਰ ਰਹੇ ਹਨ। ਇੰਨ੍ਹਾਂ ਵਿਚ ਬਠਿੰਡਾ ਤੋਂ ਇਲਾਵਾ ਪਟਿਆਲਾ, ਸੰਗਰੂਰ, ਬਰਨਾਲਾ, ਬੁਢਲਾਡਾ, ਫ਼ਰੀਦਕੋਟ, ਕਪੂਰਥਲਾ, ਲੁਧਿਆਣਾ ਅਤੇ ਚੰਡੀਗੜ੍ਹ ਡਿੱਪੂ ਸ਼ਾਮਲ ਹਨ। ਪੀਆਰਟੀਸੀ ਦੇ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਇਸਤੋਂ ਪਹਿਲਾਂ ਫਗਵਾੜਾ ਵਿਖੇ ਵੀ ਸਬ ਡਿੱਪੂ ਬਣਾਇਆ ਗਿਆ ਸੀ।