WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪਟਿਆਲਾ

ਹੁਣ ਮੈਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਿਹਾਂ, ਢੁਕਵਾਂ ਸਮਾਂ ਆਉਣ ’ਤੇ ਤੁਹਾਨੂੰ ਜਵਾਬ ਦੇਵਾਂਗਾ-ਮੁੱਖ ਮੰਤਰੀ ਵੱਲੋਂ ਵਿਰੋਧੀਆਂ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਜ਼ਾਹਰ

ਨਿਕੰਮੇ ਅਤੇ ਨਾਕਾਰੇ ਹੋਏ ਵਿਰੋਧੀਆਂ ਵੱਲੋਂ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਦੀ ਸਖ਼ਤ ਨਿਖੇਧੀ
ਕੇਂਦਰ ਅੱਗੇ ਹੱਥ ਅੱਡ ਕੇ ਵਿੱਤੀ ਸਹਾਇਤਾ ਨਹੀਂ ਮੰਗੇਗਾ ਪੰਜਾਬ
ਪਾਣੀਆਂ ਉਤੇ ਹਿੱਸਾ ਮੰਗਣ ਵਾਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵੱਲੋਂ ਹੁਣ ਚੁੱਪ ਧਾਰ ਲੈਣਾ ਹੈਰਾਨੀਜਨਕ -ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 13 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਲਈ ਵਿਰੋਧੀ ਧਿਰਾਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਸ ਵੇਲੇ ਉਹ ਪੰਜਾਬੀਆਂ ਨੂੰ ਫੌਰੀ ਰਾਹਤ ਪਹੁੰਚਾਉਣ ਵਿੱਚ ਰੁੱਝੇ ਹੋਏ ਹਨ ਅਤੇ ਢੁਕਵਾਂ ਸਮਾਂ ਆਉਣ ਉਤੇ ਵਿਰੋਧੀਆਂ ਦੇ ਬਿਆਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਵਾਅਦਾ ਕਰਦਾ ਹਾਂ ਕਿ ਕੁਝ ਦਿਨਾਂ ਬਾਅਦ ਤੁਹਾਡੇ ਸਵਾਲਾਂ ਦਾ ਤੁਹਾਨੂੰ ਠੋਕਵਾਂ ਜਵਾਬ ਦੇਵਾਂਗਾ ਪਰ ਤੁਸੀਂ ਉਸ ਵੇਲੇ ਲੋਕ ਮਸਲਿਆਂ ਉਤੇ ਗੱਲ ਕਰਨ ਤੋਂ ਵੀ ਭੱਜ ਜਾਣਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹ (ਮੁੱਖ ਮੰਤਰੀ) ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਬਾਂਹ ਫੜ ਰਹੇ ਹਨ ਤਾਂ ਉਸ ਮੌਕੇ ਵਿਰੋਧੀ ਧਿਰਾਂ ਇਸ ਸੰਵੇਦਨਸ਼ੀਲ ਮੌਕੇ ਉਤੇ ਸਿਆਸਤ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਵਿਰੋਧੀ ਨੇਤਾ ਏਨੇ ਨੀਵੇਂ ਪੱਧਰ ਉਤੇ ਡਿੱਗ ਚੁੱਕੇ ਹਨ ਕਿ ਸੰਕਟ ਦੀ ਇਸ ਘੜੀ ਵਿਚ ਦੂਸ਼ਣਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਲਿਆ ਗਿਆ ਤਾਂ ਉਸ ਵੇਲੇ ਉਹ ਨਿਕੰਮੇ ਤੇ ਨਾਕਾਰੇ ਹੋਏ ਸਿਆਸੀ ਵਿਰੋਧੀਆਂ ਨੂੰ ਢੁਕਵਾਂ ਜਵਾਬ ਦੇਣਗੇ।ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ, “ਕੀ ਮੇਰੇ ਕਰਕੇ ਮੀਂਹ ਪਿਆ ਹੈ ਜਾਂ ਪਹਾੜਾਂ ਤੋਂ ਸੂਬੇ ਵਿਚ ਪਾਣੀ ਦਾ ਮੂੰਹ ਜ਼ੋਰ ਵਹਾਅ ਹੋਣ ਲਈ ਵੀ ਮੈਂ ਜ਼ਿੰਮੇਵਾਰ ਹਾਂ। ਤੁਸੀਂ ਸਿਰਫ ਸਿਆਸਤ ਖੇਡਣ ਲਈ ਮੇਰੀ ਆਲੋਚਨਾ ਕਰ ਰਹੇ ਪਰ ਪੰਜਾਬ ਦੇ ਲੋਕ ਤਹਾਨੂੰ ਮੁਆਫ ਨਹੀਂ ਕਰਨਗੇ।”ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਕਦੇ ਵੀ ਪੰਜਾਬ ਦੀ ਪ੍ਰਵਾਹ ਨਹੀਂ ਕੀਤੀ ਸਗੋਂ ਇਸ ਵੇਲੇ ਜਦੋਂ ਪੰਜਾਬੀ ਸੰਕਟ ਵਿਚ ਹਨ ਤਾਂ ਉਸ ਵੇਲੇ ਵੀ ਇਹ ਲੋਕ ਸਿਆਸੀ ਲਾਹਾ ਖੱਟਣ ਲਈ ਹੱਥ-ਪੈਰ ਮਾਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਫੜ੍ਹਾਂ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਰੁਪਏ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ ਲੰਘੀ 10 ਜੁਲਾਈ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਰਕਮ 72 ਘੰਟਿਆਂ ਵਿੱਚ ਖਰਚ ਨਹੀਂ ਕਰ ਸਕਦੀ ਕਿਉਂਕਿ ਘੱਟ ਤੋਂ ਘੱਟ ਨੁਕਸਾਨ ਲਈ ਸਰਕਾਰ ਨੇ ਪਹਿਲਾਂ ਹੀ ਲੋੜੀਂਦੇ ਉਪਰਾਲੇ ਕੀਤੇ ਸਨ। ਭਗਵੰਤ ਮਾਨ ਨੇ ਕਿਹਾ ਕਿ ਘੱਗਰ ਦੀ ਸਫਾਈ ਵੀ ਸੂਬੇ ਦੇ ਬਾਕੀ ਸੇਮ-ਨਾਲਿਆਂ ਵਾਂਗ ਚੰਗੀ ਤਰ੍ਹਾਂ ਕੀਤੀ ਗਈ ਸੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ ਪਰ ਉਨ੍ਹਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅਨੁਮਾਨ ਦੀ ਰਿਪੋਰਟ ਜ਼ਰੂਰ ਭੇਜੇਗਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਸੂਬੇ ਦੀ ਮਦਦ ਕਰੇਗਾ ਤਾਂ ਠੀਕ ਹੈ ਨਹੀਂ ਤਾਂ ਸੂਬਾ ਖੁਦ ਇਸ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ।ਮੁੱਖ ਮੰਤਰੀ ਨੇ ਕਿਹਾ ਕਿ ਨਹਿਰਾਂ ਤੇ ਖਾਲਿਆਂ ਦੀ ਅਗਾਊਂ ਸਫ਼ਾਈ ਕਰਨ ਕਰਕੇ ਇਸ ਵਾਰ ਪਾਣੀ ਟੇਲਾਂ ਤੱਕ ਪਹੁੰਚ ਗਿਆ ਸੀ ਉਨ੍ਹਾਂ ਕਿਹਾ ਕਿ ਹੁਣ ਵੀ ਇਨ੍ਹਾਂ ਨਾਲਿਆਂ ਅਤੇ ਖਾਲਿਆਂ ਦੀ ਰਾਹੀਂ ਪਾਣੀ ਜਾ ਰਿਹਾ ਹੈ ਜਿਸ ਨਾਲ ਨੁਕਸਾਨ ਘੱਟ ਹੁੰਦਾ ਹੈ। ਉਂਜ, ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਗੁਆਂਢੀ ਪਹਾੜੀ ਸੂਬੇ ਵਿੱਚ ਲਗਾਤਾਰ ਮੀਂਹ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਪਰ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਯਕੀਨੀ ਬਣਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਮੀਂਹ ਘੱਟ ਪਿਆ ਹੈ ਪਰ ਪਹਾੜਾਂ ਤੋਂ ਬਹੁਤ ਸਾਰਾ ਪਾਣੀ ਹੇਠਾਂ ਵੱਲ ਆਇਆ ਹੈ ਅਤੇ ਪੰਜਾਬ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ, “ਪੰਜਾਬੀਆਂ ਨੂੰ ਹਰ ਔਕੜ ਵਿਚ ਚੜ੍ਹਦੀ ਕਲਾ ’ਚ ਰਹਿਣ ਦੀ ਬਖਸ਼ਿਸ਼ ਹਾਸਲ ਹੈ, ਜਿਸ ਕਰਕੇ ਉਹ ਸਦੀਆਂ ਤੋਂ ਕਾਇਮ ਹਨ। ਇਸ ਔਖੀ ਘੜੀ ਵਿਚ ਪੰਜਾਬੀਆਂ ਨੇ ਇਕ-ਦੂਜੇ ਦੀ ਮਦਦ ਕਰਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਨਿਵੇਕਲੀ ਮਿਸਾਲ ਦਾ ਪ੍ਰਗਟਾਵਾ ਕੀਤਾ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬੇ ਹਮੇਸ਼ਾ ਹੀ ਪੰਜਾਬ ਤੋਂ ਪਾਣੀ ਅਤੇ ਸੈੱਸ ਦੀ ਮੰਗ ਕਰਦੇ ਹਨ ਜਦਕਿ ਹੁਣ ਉਹ ਵੱਧ ਪਾਣੀ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਸੂਬੇ ਆਪਣਾ ਵਾਧੂ ਪਾਣੀ ਸੂਬੇ ਵੱਲ ਵਹਾਅ ਰਹੇ ਹਨ, ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਹੁਣ ਇਹ ਸੂਬੇ ਪੰਜਾਬ ਤੋਂ ਆਪਣੇ ਹਿੱਸੇ ਦੇ ਪਾਣੀਆਂ ’ਤੇ ਪੂਰੀ ਤਰ੍ਹਾਂ ਚੁੱਪ ਹਨ ਅਤੇ ਸੂਬੇ ਨੂੰ ਬਰਬਾਦ ਕਰਨ ਲਈ ਵਾਧੂ ਪਾਣੀ ਸਾਡੇ ਵੱਲ ਭੇਜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬਾ ਭਰ ਵਿਚ ਹਰ ਪਲ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਅਧਿਕਾਰੀਆਂ ਪਾਸੋਂ ਜਾਣਕਾਰੀ ਵੀ ਹਾਸਲ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫਰਜ਼ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹਰੇਕ ਵਿਅਕਤੀ ਤੱਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂੰ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Related posts

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਣਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ

punjabusernewssite

ਆਪ ਵਿਧਾਇਕ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਜਲ ਸਪਲਾਈ ਕਾਮਿਆਂ ਨੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਮੁਲਤਵੀ

punjabusernewssite

ਪਟਿਆਲਾ ‘ਚ ਨਵਜੋਤ ਸਿੰਘ ਸਿੱਧੂ ਸਮਰਥਕ ਮੁੜ ਹੋਏ ਇਕੱਠੇ 

punjabusernewssite