ਸਰਕਾਰ ਮੌਕੇ ਤੋਂ ਲਾਪਤਾ ਤੇ ਲੋਕ ਆਪ ਤ੍ਰਾਸਦੀ ਨਾਲ ਨਜਿੱਠ ਰਹੇ ਹਨ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ,18 ਜੁਲਾਈ: ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਪ੍ਰੋਮੋਟ ਕਰਨ ਵਾਸਤੇ ਆਪਣੇ ਪਬਲੀਸਿਟੀ ਸਟੰਟ ਬੰਦ ਕਰਨ ਅਤੇ ਤੁਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤਾਂ ਜੋ ਪੰਜਾਬ ਵਿਚ ਹੜ੍ਹਾਂ ਦੀ ਮੁਸੀਬਤ ’ਤੇ ਚਰਚਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਣਾ ਚਾਹੀਦਾਹੈ ਤਾਂ ਜੋ ਪਿਛਲੇ ਦਰਵਾਜ਼ੇ ਰਾਹੀਂ ਸਿੱਖ ਗੁਰਧਾਮਾਂ ’ਤੇ ਕੰਟਰੋਲ ਕਰਨ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਦੇ ਮਾਮਲੇ ’ਤੇ ਚਰਚਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕੀ ਮੁੱਖ ਮੰਤਰੀ ਤੁਸੀਂ ਕਿਸੇ ਹੋਰ ਫਿਰਕੇ ਦੇ ਧਾਰਮਿਕ ਮਾਮਲਿਆਂ ਵਿਚ ਅਜਿਹਾ ਦਖਲ ਕਰ ਸਕਣ ਦੀ ਹਿੰਮਤ ਰੱਖਦੇ ਹੋ? ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੋਲ ਆਪਣੇ ਗੈਰ ਪੰਜਾਬੀ ਆਕਾ ਅਰਵਿੰਦ ਕੇਜਰੀਵਾਲ ਨੂੰ ਕਰਨਾਟਕਾ ਆਦਿ ਵਰਗੇ ਦੂਰ ਦੁਰਾਡੇ ਦੇ ਖੇਤਰਾਂ ਤੱਕ ਲੈ ਕੇ ਜਾਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਤੇ ਇਹ ਸਭ ਕੁਝ ਪੰਜਾਬੀ ਟੈਕਸ ਦਾਤਿਆਂ ਦੇ ਪੈਸੇ ਨਾਲ ਕੀਤਾ ਜਾ ਰਿਹਾ ਹੈ।ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦੀ ਤ੍ਰਾਸਦੀ ਭਗਵੰਤ ਦੀ ਬਣਾਈ ਹੋਈ ਹੈ ਨਾ ਕਿ ਭਗਵਾਨ ਦੀ ਬਣਾਈ ਹੋਈ ਹੈ।ਸਰਦਾਰਨੀ ਬਾਦਲ ਬੁਢਲਾਡਾ ਤੇ ਸਰਦੂਲਗੜ੍ਹ ਹਲਕਿਆਂ ਦੇ ਪਿੰਡਾਂ ਫੂਸ ਮੰਡੀ, ਸਾਧੂਵਾਲਾ, ਰਿਓਣ ਖੁਰਦ, ਰਿਓਣ ਕਲਾਂ ਤੇ ਸਰਦੂਲਗੜ੍ਹ ਸ਼ਹਿਰ ਦੇ ਵੱਖ-ਵੱਖ ਵਾਰਡਾਂ ਸਮੇਤ ਮਾਲਵਾ ਪੱਟੀ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਅਨੇਕਾਂ ਥਾਵਾਂ ’ਤੇ ਆਰਜ਼ੀ ਬੰਨ ਲਾਉਣ ਵਿਚ ਰੁੱਝੇ ਵਰਕਰਾਂ ਨਾਲ ਵੀ ਗੱਲਬਾਤ ਕੀਤੀ ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਮਾਰੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਸਰਗਰਮੀ ਨਾਲ ਕੰਮ ਕਰਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇ ਬਾਅਦ ਵਿਚ ਜਾਰੀ ਕੀਤੇ ਬਿਆਨ ਵਿਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਮੁੱਖ ਮੰਤਰੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਸੈਂਕੜੇ ਪਿੰਡ ਤੇ ਹਜ਼ਾਰਾਂ ਏਕੜ ਫਸਲ ਹੜ੍ਹ ਦੀ ਮਾਰ ਹੇਠ ਹੈ ਜਦੋਂ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਬਾਹਰ ਉਡਾਰੀਆਂ ਮਾਰ ਰਹੇ ਹੋ ਅਤੇ ਉਹਨਾਂ ਲੋਕਾਂ ਨਾਲ ਧਰੋ ਕਮਾ ਰਹੇ ਹੋ ਜਿਹਨਾਂ ਨੇ ਆਪਣੀ ਕਿਸਮਤ ਉਹਨਾਂ ਦੇ ਹੱਥਾਂ ਵਿਚ ਸੌਂਪਿਆ ਹੈ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਬੇਹੱਦ ਦੁਖੀ ਹਨ ਕਿ ਜਦੋਂ ਸੂਬੇ ਦੇ ਲੋਕ ਹੜ੍ਹਾਂ ਤੋਂ ਪੀੜਤ ਹਨ, ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਪਸ਼ੂ ਮਰ ਰਹੇ ਹਨ ਤਾਂ ਉਸ ਵੇਲੇ ਮੁੱਖ ਮੰਤਰੀ ਕਰਨਾਟਕਾ ਵਿਚ ਕੇਜਰੀਵਾਲ ਨੂੰ ਪ੍ਰੋਮੋਟ ਕਰਨ ਵਾਸਤੇ ਉਡਾਰੀਆਂ ਲਾ ਰਹੇ ਹਨ।ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਗਿਰਦਾਵਰੀ ਤੋਂ ਪਹਿਲਾਂ ਮੁਆਵਜ਼ਾ ਦੇਣ ਦੀ ਗੱਲ ਕਰਦੇ ਹਨ ਪਰ ਅਸਲ ਵਿਚ ਉਹ ਉਸ ਵੇਲੇ ਤੋਂ ਆਪਣਾ ਚੇਹਰਾ ਵਿਖਾਉਣ ਤੋਂ ਭੱਜ ਗਏ ਹਨ ਜਦੋਂ ਕਿ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਐਕਸ ਗ੍ਰੇਸ਼ੀਆ ਗਰਾਂਟ ਦਾਐਲਾਨ ਨਹੀਂ ਕੀਤਾ ਤੇ ਕਿਸੇ ਨੂੰ ਇਹ ਦੇਣਾ ਤਾਂ ਦੂਰ ਦੀ ਗੱਲ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿਚ ਲੋਕ ਆਪਣੀਆਂ ਜਾਨਾਂ, ਫਸਲਾਂ, ਪਸ਼ੂ ਤੇ ਜਾਇਦਾਦ ਗੁਆ ਰਹੇ ਹਨ ਤੇ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਮਦਦ ਨਾ ਮਿਲਣ ਕਾਰਨ ਤਣਾਅ ਹੋਰ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਵਾਲੇ ਆਪਣੇ ਸਰੋਤ ਇਕੱਠੇ ਕਰ ਕੇ ਆਪਣੇ ਪਿੰਡਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਵਿਚ ਲੱਗੇ ਹਨ ਜਦੋਂ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰ ਹਾਜ਼ਰ ਹੈ।ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਉਹਨਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਪ੍ਰਸ਼ਾਸਨ ਨੇ ਬੰਨਾ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕੇ। ਉਹਨਾਂ ਕਿਹਾ ਕਿ ਚਾਂਦਪੁਰਾ ਬੰਨ ਸਿਰਫ ਇਸ ਕਰ ਕੇ ਟੁੱਟਿਆ ਕਿਉਂਕਿ ਪ੍ਰਸ਼ਾਸਨ ਨੇ ਅਣਗਹਿਲੀ ਵਰਤੀ ਜਿਸ ਕਾਰਨ ਘੱਗਰ ਦੇ ਪਾਣੀਆਂ ਨੇ ਬੁਢਲਾਡਾ ਤੇ ਸਰਦੂਲਗੜ੍ਹ ਇਲਾਕਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ।ਉਹਨਾਂ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਵੀ ਮੁੱਖ ਮੰਤਰੀ ਤੇ ਉਹਨਾਂ ਦੀ ਆਪ ਸਰਕਾਰ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਤਸਵੀਰਾਂ ਖਿੱਚਵਾਉਣ ’ਤੇ ਲੱਗੇ ਹਨ।ਉਹਨਾਂ ਕਿਹਾ ਕਿ ਇਸ ਤ੍ਰਾਸਦੀ ਦੀਆਂ ਅਨੇਕਾਂ ਕਹਾਣੀਆਂ ਹਨ। ਉਹਨਾਂ ਕਿਹਾ ਕਿ ਹਰ ਕੋਈ ਦਰਦਭਰੀ ਹੈ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰ ਰਹੇ ਹਨ ਜਿਹਨਾਂ ਨੇ ਅਜਿਹੇ ਹਾਲਾਤ ਵਿਚ ਲੋਕਾਂ ਵਾਸਤੇ ਕੀ ਕੁਝ ਕੀਤਾ ਹੁੰਦਾ। ਉਹਨਾਂ ਕਿਹਾ ਕਿ ਸਰਦਾਰ ਬਾਦਲ ਦੀ ਅਗਵਾਈ ਵਿਚ ਸਰਕਾਰਾਂ ਵੱਲੋਂ ਫਰਵਰੀ ਤੋਂ ਮਈ ਦਰਮਿਆਨ ਨਹਿਰਾਂ, ਖਾਲਿਆਂ, ਨਾਲਿਆਂ ਦੀ ਸਫਾਈ ਦੇ ਨਾਲ-ਨਾਲ ਬੰਨਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਜਦੋਂ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਸਨ ਤਾਂ ਉਹ ਆਪ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਵਾਸਤੇ ਪਹੁੰਚ ਜਾਂਦੇ ਸਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਂਦੇ ਸਨ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਹਰ ਵੇਲੇ ਹਰ ਤਰੀਕੇ ਮਦਦ ਵਾਸਤੇ ਤਿਆਰ ਹਨ। ਉਹਨਾਂ ਨੇ ਪਿੰਡਾਂ ਵਿਚ ਡੀਜ਼ਲ ਡਰੰਮ, ਸੁੱਕੇ ਦੁੱਧ ਦੇ ਪੈਕੇਟ ਲੋਕਾਂ ਨੂੰ ਸੌਂਪੇ ਅਤੇ ਨਾਲ ਹੀ ਲੋਕਾਂ ਤੱਕ ਪਹੁੰਚਣ ਵਾਸਤੇ ਟਰੈਕਟਰ, ਕਿਸ਼ਤੀਆਂ ਤੇ ਚਾਰੇ ਦਾ ਪ੍ਰਬੰਧ ਵੀ ਕੀਤਾ।ਉਹਨਾਂ ਨੇ ਉਹਨਾਂ ਥਾਵਾਂ ਦਾ ਵੀ ਨਿਰੀਖਣ ਕੀਤਾ ਜਿਥੇ ਲੋਕਾਂ ਨੇ ਸੜਕਾਂ ’ਤੇ ਆਰਜ਼ੀ ਬੰਨ ਉਸਾਰੇ ਹਨ।ਸਾਬਕਾ ਕੇਂਦਰੀ ਮੰਤਰੀ ਦੇ ਨਾਲ ਸੀਨੀਅਰ ਅਕਾਲੀ ਆਗੂ ਪ੍ਰੇਮ ਅਰੋੜਾ, ਗੁਰਮੇਲ ਸਿੰਘ ਫਫੜੇ, ਬੱਲਮ ਸਿੰਘ ਕਲੀਪੁਰ, ਗੁਰਪ੍ਰੀਤ ਸਿੰਘ ਚਹਿਲ, ਹਨੀਸ਼ ਮਾਨਸਾ, ਗੁਰਦੀਪ ਸਿੰਘ ਟੋਡਰਪੁਰ, ਬੌਬੀ ਜੈਨ ਤੇ ਜਤਿੰਦਰ ਸਿੰਘ ਸੋਢੀ ਵੀ ਹਾਜ਼ਰ ਸਨ।
Share the post "ਹੜ੍ਹਾਂ ਦੀ ਮੁਸੀਬਤ ਬਾਰੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ: ਹਰਸਿਮਰਤ ਕੌਰ ਬਾਦਲ"