ਪੰਜਾਬੀ ਖ਼ਬਰਸਾਰ ਬਿਉਰੋ
ਮੌੜ ਮੰਡੀ, 24 ਅਗਸਤ: ਮੌੜ ਕਲਾਂ ਦੇ ਇੱਕ ਕਿਸਾਨ ਦੇ ਖੇਤ ਵਿੱਚ ਅਣ ਅਧਿਕਾਰਤ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਆਗੂਆਂ ਭੋਲਾ ਸਿੰਘ ਮਾੜੀ ,ਗੁਰਦੀਪ ਸਿੰਘ ਮਾਈਸਰਖਾਨਾ ਅਤੇ ਜੀਤੀ ਰਾਮਨਗਰ ਵੱਲੋਂ ਹੱਡਾ ਰੋੜੀ ਦੀ ਬਦਬੂ ਤੋਂ ਪੀਡਤ ਮੌੜ ਕਲਾਂ, ਮੌੜ ਖੁਰਦ ਕੱਲੋ ਅਤੇ ਕੋਟਲੀ ਖੁਰਦ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬੱਗੀ ਨੇ ਕਿਹਾ ਕਿ ਹੱਡਾ ਰੋੜੀ ਵਾਲੇ ਖੇਤ ਦੇ ਮਾਲਕ ਕਿਸਾਨ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਹੱਡਾਰੋੜੀ ਬੰਦ ਕੀਤੀ ਜਾਵੇ ਕਿਉਂਕਿ ਇਸ ਦੀ ਬਦਬੂ ਨਾਲ ਨੇੜਲੇ ਚਾਰੇ ਪਿੰਡ ਅਤੇ ਆਸ ਪਾਸ ਦੇ ਖੇਤਾਂ ਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੌੜ ਮੰਡੀ ਤੋਂ ਕੋਟਲੀ ਖੁਰਦ ਨੂੰ ਜਾਂਦੀ ਇਸ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ । ਹੁਣ ਤਾਂ ਪਸੂਆਂ ਚ ਵੱਡੀ ਪੱਧਰ ਤੇ ਫੈਲੀ ਹੋਈ ਲੰਪੀ ਸਕਿਨ ਦੀ ਬਿਮਾਰੀ ਕਾਰਨ ਇਹ ਹੋਰ ਪਸ਼ੂਆਂ ਅਤੇ ਮਨੁੱਖਾਂ ਨੂੰ ਬਿਮਾਰੀ ਫੈਲਣ ਦਾ ਖਤਰਾ ਵੀ ਬਣ ਸਕਦੀ ਹੈ ਪਰ ਸੰਬੰਧਿਤ ਕਿਸਾਨ ਨੂੰ ਬੇਨਤੀ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਸ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨੂੰ ਬੰਦ ਕਰਵਾਉਣ ਲਈ 14 ਅਗਸਤ ਤੋਂ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਅੱਜ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਨੂੰ ਫੌਰੀ ਬੰਦ ਨਾ ਕਰਵਾਇਆ ਤਾਂ ਆਉਂਦੇ ਦਿਨਾਂ ਵਿਚ ਸੰਬੰਧਿਤ ਪੀੜਤ ਪਿੰਡਾਂ ਵਿੱਚ ਲਾਮਬੰਦੀ ਕਰ ਕੇ ਸੰਘਰਸ਼ ਤੇਜ ਕੀਤਾ ਜਾਵੇਗਾ ਅਤੇ ਇਸ ਨੂੰ ਹਰ ਹਾਲਤ ਬੰਦ ਕਰਵਾਇਆ ਜਾਵੇਗਾ।
ਹੱਡਾ-ਰੋੜੀ ਨੂੰ ਬੰਦ ਕਰਵਾਉਣ ਲਈ ਕਿਸਾਨ ਯੂਨੀਅਨ ਨੇ ਵਿੱਢਿਆ ਸੰਘਰਸ਼
7 Views