ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ: ਸੂਬੇ ’ਚ ਸਰਕਾਰ ਬਦਲਣ ਤੋਂ ਬਾਅਦ ਪਿਛਲੀ ਸਰਕਾਰ ਦੁਆਰਾ ਨਿਯੁਕਤ ਕੀਤੇ ਅਹੁੱਦੇਦਾਰਾਂ ਵਲੋਂ ਅਸਤੀਫ਼ੇ ਦੇਣ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਰਾਜਨ ਗਰਗ ਨੇ ਵੀ ਅਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਪਿਛਲੇ ਸਾਲ ਜਗਰੂਪ ਸਿੰਘ ਗਿੱਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਸ ਅਹੁੱਦੇ ’ਤੇ ਨਿਯੁਕਤ ਕੀਤੇ ਗਏ ਐਡਵੋਕੇਟ ਰਾਜ਼ਨ ਗਰਗ ਬਠਿੰਡਾ ਕਾਂਗਰਸ ਦੇ ਸੀਨੀਅਰ ਲੀਡਰ ਹਨ, ਜਿੰਨ੍ਹਾਂ ਦੇ ਪਿਤਾ ਚਿਰੰਜੀ ਲਾਲ ਗਰਗ ਸਾਲ 2007 ਤੋਂ 2012 ਦੌਰਾਨ ਬਾਦਲ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵੀ ਰਾਜਨ ਗਰਗ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇੱਕ ਹਨ। ਚਰਚਾ ਮੁਤਾਬਕ ਉਨ੍ਹਾਂ ਨੂੰ ਕਾਂਗਰਸ ਵਿਚ ਰਹਿੰਦਿਆਂ ਦੂਜੀਆਂ ਪਾਰਟੀਆਂ ਵਲੋਂ ਵੀ ਟਿਕਟ ਦੀ ਆਫ਼ਰ ਕੀਤੀ ਗਈ ਸੀ। ਉਧਰ ਅੱਜ ਅਪਣਾ ਅਸਤੀਫ਼ਾ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ ‘‘ ਉਨ੍ਹਾਂ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਚੇਅਰਮੈਨੀ ਦਿੱਤੀ ਸੀ ਪ੍ਰੰਤੂ ਹੁਣ ਇੰਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫ਼ਤਵਾ ਦਿੱਤਾ ਹੈ, ਜਿਸ ਕਾਰਨ ਉਹ ਨੈਤਿਕ ਆਧਾਰ ’ਤੇ ਇਸ ਅਹੂੱਦੇ ਤੋਂ ਅਪਣਾ ਅਸਤੀਫ਼ਾ ਦੇ ਰਹੇ ਹਨ। ’’ ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਬਠਿੰਡਾ ਸ਼ਹਿਰੀ ਹਲਕੇ ਦੇ ਲੋਕਾਂ ਦੀ ਪਹਿਲਾਂ ਦੀ ਤਰ੍ਹਾਂ ਸੇਵਾ ਕਰਦੇ ਰਹਿਣਗੇ। ਇਸ ਦੌਰਾਨ ਉਨ੍ਹਾਂ ਸਹਿਯੋਗ ਦੇਣ ਲਈ ਯੋਜਨਾ ਵਿਭਾਗ ਦੇ ਸਟਾਫ਼ ਦਾ ਵੀ ਧੰਨਵਾਦ ਕੀਤਾ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੇ ਦਿੱਤਾ ਅਸਤੀਫ਼ਾ
4 Views