ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਸਿਹਤ ਵਿਭਾਗ ਵਲੋਂ ਇੱਕ ਵੱਡਾ ਐਲਾਨ ਕਰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ 2011 ਵਿੱਚ ਪੋਲੀਓ ਮੁਕਤ ਹੋ ਚੁੱਕਿਆ ਹੈ, ਪਰ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਖਤਮ ਨਹੀਂ ਹੋਈ ਹੈ। ਜਦ ਤੱਕ ਗੁਆਂਢੀ ਦੇਸ਼ ਪੋਲੀਓ ਮੁਕਤ ਨਹੀਂ ਹੋ ਜਾਂਦੇ ਤਦ ਤੱਕ ਭਾਰਤ ਨੂੰ ਪੋਲੀਓ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਿਹਤ ਵਿਭਾਗ ਬੱਚਿਆਂ ਨੂੰ ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਰੂਟੀਨ ਟੀਕਾਕਰਣਨ ਵਿੱਚ 1 ਜਨਵਰੀ 2023 ਤੋਂ ਪੋਲੀਓ ਵੈਕਸੀਨ ਦਾ ਤੀਜਾ ਟੀਕਾ ਸ਼ਾਮਿਲ ਕਰਨ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਪੋਲੀਓ ਵੈਕਸੀਨ ਦੀ ਤੀਜੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੇ ਸਰੀਰ ਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਨਾਉਣ ਚ ਹੋਰ ਮੱਦਦ ਮਿਲੇਗੀ। ਡਾ ਮੀਨਾਕਸ਼ੀ ਸਿੰਗਲਾ ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਪਹਿਲਾਂ ਇਹ ਟੀਕਾ ਬੱਚੇ ਦੇ 6 ਹਫ਼ਤੇ ਅਤੇ 14 ਹਫ਼ਤੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ। ਹੁਣ ਇਸ ਦੀ ਤੀਜੀ ਖੁਰਾਕ ਬੱਚੇ ਦੀ 9 ਤੋਂ 12 ਮਹੀਨੇ ਦੀ ਉਮਰ ਤੇ ਖਸਰਾ ਅਤੇ ਰੂਬੇਲਾ ਵੈਕਸੀਨ ਦੇ ਨਾਲ ਲਗਾਇਆ ਜਾਵੇਗਾ। ਜਿਨ੍ਹਾਂ ਬੱਚਿਆਂ ਨੂੰ ਇਸ ਤੋਂ ਪਹਿਲਾਂ ਮੀਜ਼ਲ ਰੂਬੇਲਾ ਦਾ ਟੀਕਾ ਲੱਗ ਚੁੱਕਾ ਹੈ, ਉਹਨਾਂ ਬੱਚਿਆਂ ਨੂੰ ਪੋਲੀਓ ਦਾ ਤੀਜਾ ਟੀਕਾ ਨਹੀਂ ਲਗਾਇਆ ਜਾਵੇਗਾ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਓਰਲ ਪੋਲੀਓ ਵੈਕਸੀਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
Share the post "1 ਜਨਵਰੀ ਤੋਂ ਰੂਟੀਨ ਟੀਕਾਕਰਣ ਸੂਚੀ ਵਿੱਚ ਪੋਲੀਓ ਵੈਕਸੀਨ ਦਾ ਤੀਜਾ ਟੀਕਾ ਵੀ ਹੋਵੇਗਾ ਸ਼ਾਮਲ: ਸਿਵਲ ਸਰਜ਼ਨ"