ਸੁਖਜਿੰਦਰ ਮਾਨ
ਬਠਿੰਡਾ, 6 ਮਈ :ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 4 ਮਈ ਨੂੰ 12ਵੀਂ ਸ਼੍ਰੇਣੀ (ਟਰਮ-2) ਅਪ੍ਰੈਲ 2022 ਰੈਗੂਲਰ ਵਿਦਿਆਰਥੀਆਂ ਦੀ ਵਿਸ਼ਾ ਭੂਗੋਲ (ਜੌਗਰਫ਼ੀ) ਦੀ ਲਈ ਗਈ ਪ੍ਰੀਖਿਆ ਦਾ ਪੇਪਰ ਬੋਰਡ ਵੱਲੋਂ ਨਿਰਧਾਰਤ ਪ੍ਰਸ਼ਨ-ਪੱਤਰ ਦੀ ਰੂਪਾ-ਰੇਖਾ (ਪੈਟਰਨ) ਅਨੁਸਾਰ ਨਾ ਹੋਣ ਕਰਕੇ ਵਿਦਿਆਰਥੀਆਂ ਵਿੱਚ ਘਬਰਾਹਟ ਤੇ ਮਾਨਸਿਕ ਪ੍ਰੇਸ਼ਾਨੀ ਦੇਖੀ ਗਈ ਅਤੇ ਉਹ ਸੌਖੀ ਤਰ੍ਹਾਂ ਨਾਲ ਹੱਲ ਕੀਤੇ ਜਾਣ ਵਾਲੇ ਪ੍ਰਸ਼ਨਾਂ ਦੇ ਵੀ ਸਹੀ ਉੱਤਰ ਨਹੀਂ ਦੇ ਸਕੇ। ਜਿਸ ਨਾਲ ਉਹਨਾਂ ਦਾ ਵਿੱਦਿਅਕ ਪੱਖੋਂ ਭਾਰੀ ਨੁਕਸਾਨ ਹੋਵੇਗਾ। ਇਸੇ ਦੌਰਾਨ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ, ਸਿੱਖਿਆ ਸਕੱਤਰ ਅਲੋਕ ਸ਼ੇਖਰ, ਡੀ.ਜੀ.ਐੱਸ.ਈ.ਪੰਜਾਬ/ਸਕੱਤਰ ਪੰਜਾਬ ਬੋਰਡ ਸ਼੍ਰੀ ਪ੍ਰਦੀਪ ਅਗਰਵਾਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਯੋਗਰਾਜ ਨੂੰ ਪੱਤਰ ਭੇਜ ਕੇ ਧਿਆਨ ਵਿੱਚ ਲਿਆਂਦਾ ਹੈ ਕਿ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦੇ 40 ਅੰਕਾਂ ਦੇ ਪੇਪਰ ਵਿੱਚੋਂ 15 ਅੰਕਾਂ ਦੇ ਪ੍ਰਸ਼ਨ ਪੰਜਾਬ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਉਲੰਘਣਾ ਕਰਕੇ ਨਿਰਧਾਰਤ ਪੈਟਰਨ ਅਨੁਸਾਰ ਨਹੀਂ ਪੁੱਛੇ ਗਏ। ਜਿਸ ਨਾਲ ਵਿਦਿਆਰਥੀਆਂ ਦਾ ਅਕਾਦਮਿਕ ਨੁਕਸਾਨ ਹੋਵੇਗਾ। ਪੱਤਰ ਵਿੱਚ ਦੱਸਿਆ ਗਿਆ ਕਿ ਪੇਪਰ ਦੇ ਦੂਜੇ ਭਾਗ ਵਿੱਚ ਅਧਿਆਇ ਨੰ: 9 ਵਿੱਚੋਂ 4-4 ਅੰਕਾਂ ਦੇ ਦੋ ਪ੍ਰਸ਼ਨ ਪੁੱਛੇ ਜਾਣੇ ਸਨ, ਜੋ ਨਹੀਂ ਪੁੱਛੇ ਗਏ, ਸਗੋਂ ਅਧਿਆਇ ਨੰ: 8 ਵਿੱਚੋਂ ਪੁੱਛੇ ਗਏ, ਜਿਸ ਨਾਲ ਵਿਦਿਆਰਥੀਆ ਦਾ 8 ਅੰਕਾਂ ਦਾ ਨੁਕਸਾਨ ਹੋਵੇਗਾ। ਭਾਗ ਤੀਜਾ ਦਾ ਪ੍ਰਸ਼ਨ ਨੰ: 11 ਦਾ ਇੱਕ ਪੈਰ੍ਹਾ 4 ਅੰਕਾਂ ਦਾ ਜੋ ਅਧਿਆਇ ਨੰ: 9 ਵਿੱਚੋਂ ਪੁੱਛਿਆ ਜਾਣਾ ਸੀ, ਪਰੰਤੂ ਨਹੀਂ ਪੁੱਛਿਆ ਗਿਆ ਜਿਸ ਨਾਲ ਵਿਦਿਆਰਥੀਆਂ ਦਾ 4 ਅੰਕਾਂ ਦਾ ਹੋਵੇਗਾ ਅਤੇ ਜੋ ਪੈਰ੍ਹਾ ਪੁੱਛਿਆ ਵੀ ਗਿਆ, ਉਸ ਦੇ 4 ਨੰਬਰ ਪ੍ਰਸ਼ਨ ਦਾ ਉੱਤਰ ਪੈਰ੍ਹੇ ਵਿੱਚ ਹੈ ਹੀ ਨਹੀਂ, ਜਿਸ ਨਾਲ 1 ਅੰਕ ਦਾ ਨੁਕਸਾਨ ਹੋਵੇਗਾ। ਪ੍ਰਸ਼ਨ ਨੰ: 13 (ਅ) ਦੇ ਭਾਰਤ ਦੇ ਨਕਸ਼ੇ ਵਿੱਚ ਭਾਗ-5 ਅਤੇ ਭਾਗ-6 ਵਿੱਚੋਂ ਜੋ ਸਥਾਨ ਨਕਸ਼ੇ ਵਿੱਚ ਦਰਸਾਏ ਗਏ, ਉਹ ਪੁੱਛੇ ਪ੍ਰਸ਼ਨ ਨਾਲ ਮੇਲ ਨਹੀਂ ਖਾਂਦੇ। ਇਸ ਤਰ੍ਹਾਂ ਨਾਲ ਵਿਦਿਆਰਥੀ ਕੁੱਲ 15 ਅੰਕਾਂ ਦਾ ਨੁਕਸਾਨ ਝੱਲਣਗੇ। ਇੱਥੇ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ/ਸਿੱਖਿਆ ਵਿਭਾਗ ਵੱਲੋਂ ਲੱਖਾਂ ਰੁਪਏ ਖਰਚ ਕੇ ਸਿੱਖਿਆ ਸਮੱਗਰੀ, ਮਹੱਤਵਪੂਰਨ ਪ੍ਰਸ਼ਨ ਬੈਂਕ ਅਤੇ ਮਾਡਲ ਟੈਸਟ ਪੇਪਰ ਤਿਆਰ ਕਰਵਾ ਕੇ ਸਕੂਲਾਂ ਰਾਹੀਂ ਪ੍ਰਤੀ ਵਿਦਿਆਰਥੀ 12 ਰੁਪਏ ਦੀ ਗਰਾਂਟ ਖਰਚ ਕੇ ਭੇਜੀ ਇਸ ਸਮੱਗਰੀ ਨੂੰ ਪ੍ਰਸ਼ਨ ਪੱਤਰ ਤਿਆਰ ਕਰਨ ਸਮੇਂ ਨਜ਼ਰ ਅੰਦਾਜ ਕਰ ਦਿੱਤਾ ਗਿਆ। ਜਿਸ ਨਾਲ ਫਾਇਦਾ ਹੋਣ ਦੀ ਬਜਾਏ, ਵਿਦਿਆਰਥੀਆਂ ਦਾ ਨੁਕਸਾਨ ਹੋਇਆ ਹੈ। ਜੱਥੇਬੰਦੀਆਂ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ ਸੰਗਰੂਰ, ਜਰਨਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਮੀਤ ਪ੍ਰਧਾਨ ਨਰੇਸ਼ ਸਲੂਜਾ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ, ਖਜਾਨਚੀ ਚਮਕੌਰ ਸਿੰਘ ਮੋਗਾ, ਸਹਾ. ਖਜਾਨਚੀ ਗੁਰਮੇਲ ਸਿੰਘ ਰਹਿਲ ਪਟਿਆਲਾ ਅਤੇ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਸੰਧੂ ਮੁਹਾਲੀ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀ.ਜੀ.ਐੱਸ.ਈ. ਪੰਜਾਬ/ ਸਕੱਤਰ ਬੋਰਡ ਅਤੇ ਪੰਜਾਬ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੇ ਭਵਿੱਖ ਦਾ ਖਿਆਲ ਕਰਦੇ ਹੋਏ ਉਹਨਾਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਭਰਪਈ ਵਿਸ਼ੇਸ਼ ਅੰਕ ਦੇ ਕੇ ਕਰਵਾਉਣ ਤਾਂ ਕਿ ਵਿਦਿਆਰਥੀ ਮਾਨਸਿਕ ਤਣਾਅ ਤੋਂ ਬਾਹਰ ਆ ਕੇ ਬਾਕੀ ਰਹਿੰਦੇ ਪੇਪਰ ਬੇਚਿੰਤ ਹੋ ਕੇ ਦੇ ਸਕਣ।
Share the post "12ਵੀਂ ਦੇ ਭੂਗੋਲ ਵਿਸ਼ੇ ਦਾ ਪੇਪਰ ਪ੍ਰਸ਼ਨ-ਪੱਤਰ ਦੀ ਰੂਪ-ਰੇਖਾ ਮੁਤਾਬਿਕ ਨਹੀਂ ਆਇਆ, 40 ਵਿੱਚੋਂ ਹੋਵੇਗਾ 15 ਅੰਕਾਂ ਦਾ ਨੁਕਸਾਨ"