ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਕਰੀਬ ਢਾਈ ਸਾਲਾਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੜ ਬਠਿੰਡਾ ’ਚ ਬਾਦਲਾਂ ਦੇ ਗੜ੍ਹ ’ਚ ਲਲਕਾਰ ਮਾਰਨ ਪੁੱਜ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 13 ਦਸੰਬਰ ਨੂੰ ਬਠਿੰਡਾ ’ਚ ਕੀਤੀ ਜਾ ਰਹੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਰਹੇ ਸ: ਸਿੱਧੂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਖਰੀ ਵਾਰ 17 ਮਈ 2019 ਨੂੰ ਰਾਜਾ ਵੜਿੰਗ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਕੇ ਗਏ ਸਨ, ਜਿੱਥੇ ਉਨ੍ਹਾਂ ਪਹਿਲੀ ਵਾਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੇ ਵਿਰੁਧ ਬਗਾਵਤ ਦਾ ਝੰਡਾ ਚੁੱਕਦਿਆਂ 75-25 ਦਾ ਮੁੱਦਾ ਚੁੱਕਿਆ ਸੀ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਸ਼੍ਰੀ ਸਿੱਧੂ ਨੇ ਹੁਣ ਕਾਂਗਰਸ ਪਾਰਟੀ ਦੇ ਹੱਕ ਵਿਚ ਲਹਿਰ ਖੜੀ ਕਰਨ ਲਈ ਮੈਦਾਨ ਵਿਚ ਨਿੱਤਰਣ ਦਾ ਫੈਸਲਾ ਲਿਆ ਹੈ, ਜਿਸਦੇ ਤਹਿਤ ਇਸਤੋਂ ਪਹਿਲਾਂ ਵੀ ਉਹ ਕਈ ਵਿਧਾਨ ਸਭਾ ਹਲਕਿਆਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਉਜ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਬਠਿੰਡਾ ’ਚ ਇਹ ਪਹਿਲਾ ਦੌਰਾ ਹੋਵੇਗਾ। ਸੂਚਨਾ ਮੁਤਾਬਕ ਉਕਤ ਦਿਨ ਸ: ਸਿੱਧੂ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰਨਗੇ। ਸ: ਲਾਡੀ ਬਠਿੰਡਾ ਦਿਹਾਤੀ ਹਲਕੇ ਦੇ ਪਾਰਟੀ ਵਲੋਂ ਮੁੱਖ ਸੇਵਾਦਾਰ ਹਨ। ਇਸ ਚੋਣ ਰੈਲੀ ਦੀ ਮਹੱਤਤਾ ਇਸ ਕਰਕੇ ਵੀ ਹੋਰ ਵਧ ਜਾਂਦੀ ਹੈ, ਕਿਉਂਕਿ ਪੰਜਾਬ ਕਾਂਗਰਸ ਵਿਚ ਲਾਡੀ ਪਹਿਲੇ ਅਜਿਹੇ ਆਗੂ ਹਨ, ਜਿੰਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਖੁੱਲ ਕੇ ਬੋਲਿਆ ਹੈ। ਅਜਿਹੇ ਹਾਲਾਤ ’ਚ ਨਵਜੋਤ ਸਿੱਧੂ ਦਾ ਉਕਤ ਆਗੂ ਦੀ ਖੁੱਲੀ ਹਿਮਾਇਤ ’ਤੇ ਆਉਣਾ ਸਪੱਸ਼ਟ ਤੌਰ ’ਤੇ ਪੰਜਾਬ ਕਾਂਗਰਸ ਵਿਚ ਨਵੇਂ ਪੈਦਾ ਹੋ ਰਹੇ ਸਿਆਸੀ ਸਮੀਕਰਨਾਂ ਵੱਲ ਇਸ਼ਾਰੇ ਕਰਦਾ ਹੈ। ਸੂਤਰਾਂ ਮੁਤਾਬਕ ਉਕਤ ਰੈਲੀ ਵਿਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆ ਸਕਦੇ ਹਨ। ਇਸਦੀ ਰੈਲੀ ਦੀ ਪੁਸ਼ਟੀ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਦਸਿਆ ਕਿ ‘‘ ਨਵਜੋਤ ਸਿੰਘ ਸਿੱਧੂ ਵਲੋਂ ਸਮਾਂ ਦੇਣ ਤੋਂ ਬਾਅਦ ਇਹ ਰੈਲੀ ਨਰੂਆਣਾ ਦੀ ਅਨਾਜ਼ ਮੰਡੀ ਵਿਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸਦੇ ਲਈ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ’’ ਦਸਣਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦੀ ਤਰਫ਼ੋਂ ਉਮੀਦਵਾਰ ਸਨ ਪ੍ਰੰਤੂ ਉਹ ਆਪ ਦੀ ਉਮੀਦਵਾਰ ਹੱਥੋਂ ਮਾਤ ਖ਼ਾ ਗਏ ਸਨ।
13 ਨੂੰ ਬਾਦਲਾਂ ਦੇ ਗੜ੍ਹ ’ਚ ‘ਗੱਜੇਗਾ’ ਨਵਜੋਤ ਸਿੱਧੂ
14 Views