ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਆਗਾਮੀ 15 ਜਨਵਰੀ ਤੋਂ ਜਨਤਕ ਸਥਾਨਾਂ ’ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਅਰਵਿੰਦਪਾਲ ਸੰਧੂ ਨੇ ਦਸਿਆ ਕਿ ਜਨਤਕ ਸਥਾਨਾਂ ਜਿਵੇਂ ਸਬਜ਼ੀ ਮੰਡੀ, ਦਾਣਾ ਮੰਡੀ, ਜਨਤਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਸ਼ਾਪਿੰਗ ਕੰਪਲੈਕਸ, ਲੋਕਲ ਬਾਜ਼ਾਰ, ਹੋਟਲ, ਬਾਰ, ਰੈਸਟੋਰੈਂਟ, ਸਿਨੇਮਾ, ਜਿਮ, ਫਿਟਨੈਸ ਸੈਂਟਰ ਅਤੇ ਸਰਕਾਰੀ/ਪ੍ਰਾਈਵੇਟ ਬੈਂਕਾਂ ਆਦਿ ਵਿੱਚ ਕੇਵਲ ਡਬਲ ਡੋਜ਼ ਟੀਕਾ ਲਗਵਾਉਣ ਵਾਲਿਆਂ ਨੂੰ ਹੀ ਦਾਖਲੇ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਸਥਿਤ ਸਰਕਾਰੀ ਦਫ਼ਤਰਾਂ ਅਤੇ ਬੋਰਡਾਂ/ਕਾਰਪੋਰੇਸ਼ਨਾਂ ਦੇ ਦਫ਼ਤਰਾਂ ਅੰਦਰ ਵੀ ਮੁੰਕਮਲ ਟੀਕਾਕਰਨ ਵਾਲੇ ਹੀ ਦਾਖਿਲ ਹੋ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਨਿਯਮਾਂ ਅਨੁਸਾਰ ਸਰਕਾਰ ਵੱਲੋਂ ਅਧਿਕਾਰਤ ਕਿਸੇ ਵੀ ਅਧਿਕਾਰੀ ਵੱਲੋਂ ਮੰਗੇ ਜਾਣ ’ਤੇ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਵਿਡ ਦੇ ਨਵੇਂ ਵੇਰੀੲੈਂਟ ਓਮੀਕਰੋਨ ਦੇ ਵਧਦੇ ਹੋਏ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।
Share the post "15 ਜਨਵਰੀ ਤੋਂ ਜਨਤਕ ਸਥਾਨਾਂ ’ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ"