ਆਰ.ਟੀ.ਆਈ ਵਿੱਚ ਹੋਇਆ ਖੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਦਿਨ-ਬ-ਦਿਨ ਕਰਜ਼ੇ ਦੇ ਜ਼ਾਲ ’ਚ ਫ਼ਸਦੇ ਜਾ ਰਹੇ ਪੰਜਾਬ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਹੀ ਕਰੀਬ ਢਾਈ ਅਰਬ ਰੁਪਏ ਖਰਚ ਦਿੱਤੇ। ਸਰਕਰ ਦੀਆਂ ਪ੍ਰਾਪਤੀਆਂ ਦੱਸਣ ਲਈ ਸਭ ਤੋਂ ਵੱਧ ਖਰਚਾ ਚੋਣ ਵਰ੍ਹੇ ’ਚ ਕੀਤਾ ਜਾਂਦਾ ਰਿਹਾ। ਪ੍ਰਾਪਤੀਆਂ ਤੇ ਸੁੱਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇੰਨ੍ਹਾਂ ਇਸਤਿਹਾਰਾਂ ਦੀ ਥੋੜੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪਿ੍ਰੰਟ ਮੀਡੀਆ ਵਿਚ ਹੀ ਖ਼ਰਚੀ ਗਈ ਜਦੋਂਕਿ ਇਲੈਕਟਰੋਨਿਕ ਤੇ ਸੋਸਲ ਮੀਡੀਆ ਦੀ ਰਾਸ਼ੀ ਇਸ ਤੋਂ ਅਲੱਗ ਦੱਸੀ ਜਾ ਰਹੀ ਹੈ। ਹਾਸਲ ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤੱਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸਤਿਹਾਰਾਂ ਤੇ ਵਧਾਈ ਸੰਦੇਸਾਂ ਆਦਿ ‘ਤੇ ਪਿ੍ਰੰਟ ਮੀਡੀਆ ਉਪਰ ਕੁੱਲ ਖਰਚ 2,40,44,31,854/- ਰੁਪਏ ਖ਼ਰਚ ਕੀਤੇ ਗਏ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਖ਼ਾਲੀ ਖ਼ਜਾਨੇ ਵਾਲੇ ਪੰਜਾਬ ’ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ’ਤੇ ਵੀ 23 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਹਨ। ਉਧਰ ਸ਼ਹਿਰ ਦੇ ਉਘੇ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬੇ ਨਾਨਕ, ਕਰੋਨਾ ਤੇ ਪਰਾਲੀ ਜਲਾਉਣ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿੱਲਾਂ ਦਾ ਖ਼ਰਚਾ ਸੱਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁੱਕਿਆ ਗਿਆ।
ਬਾਕਸ
ਐਵਰੇਜ਼ ਹਰ ਸਾਲ 16 ਕਰੋੜ ਤੇ ਮਹੀਨੇ ’ਚ 1.33 ਕਰੋੜ ਖ਼ਰਚੇ
ਬਠਿੰਡਾ: ਜੇਕਰ ਇਸ਼ਹਿਤਾਰਬਾਜ਼ੀ ਉਪਰ ਹੋਏ ਖ਼ਰਚੇ ਦੀ ਸਲਾਨਾ ਐਵਰੇਜ਼ ਕੱਢੀ ਜਾਂਦੀ ਹੈ ਤਾਂ ਇਹ 16,02,95,456 ਅਤੇ ਮਹੀਨੇ ਦੀ 1,33,57,954/- ਪ੍ਰਤੀ ਮਹੀਨਾ ਬਣਦੀ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਦੇ ਆਖ਼ਰੀ ਸਾਲ 2016-17 ਵਿੱਚ ਸਭ ਤੋਂ ਵੱਧ 65,80,57,860 ਖਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2015-16 ਵਿੱਚ ਵੀ 29,14,12,471/- (29 ਕਰੋੜ ਤੋਂ ਵੱਧ) ਖਰਚ ਕੀਤੇ ਗਏ। ਉਧਰ ਪਿਛਲੀ ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸਨੇ ਸਾਲ 2020-21 ਵਿੱਚ 26,70,93,948/- ਰੁਪਏ (26.5 ਕਰੋੜ ਤੋਂ ਵੱਧ) ਅਤੇ ਸਾਲ 2019-20 ਵਿੱਚ 25,31,34,922/- (25 ਕਰੋੜ ਤੋਂ ਵੱਧ) ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ।
ਬਾਕਸ
ਸਾਲ ਵਾਈਜ਼ ਹੋਏ ਖ਼ਰਚੇ
1 2007-08 ਰੁਪਏ 4,68,05,741/- (4.5 ਕਰੋੜ ਤੋਂ ਵੱਧ)
2 2008-09 ਰੁਪਏ 7,76,66,481/- (7.5 ਕਰੋੜ ਤੋਂ ਵੱਧ)
3 2009-10 ਰੁਪਏ 3,52,65,717/- (3.5 ਕਰੋੜ ਤੋਂ ਵੱਧ)
4 2010-11 ਰੁਪਏ 6,09,42,850/- (6 ਕਰੋੜ ਤੋਂ ਵੱਧ)
5 2011-12 ਰੁਪਏ 6,95,56,089/- (6.5 ਕਰੋੜ ਤੋਂ ਵੱਧ)
6 2012-13 ਰੁਪਏ 7,97,87,268/- (7.5 ਕਰੋੜ ਤੋਂ ਵੱਧ)
7 2013-14 ਰੁਪਏ15,58,29,743/- (15.5 ਕਰੋੜ ਤੋਂ ਵੱਧ)
8 2014-15 ਰੁਪਏ 6,24,19,548/- (6 ਕਰੋੜ ਤੋਂ ਵੱਧ)
9 2015-16 ਰੁਪਏ 29,14,12,471/- (29 ਕਰੋੜ ਰੁਪਏ ਤੋਂ ਵੱਧ)
10 2016-17 ਰੁਪਏ 65,80,57,860/- (65.5 ਕਰੋੜ ਤੋਂ ਵੱਧ)
11 2017-18 ਰੁਪਏ 5,77,17,434/- (5.5 ਕਰੋੜ ਤੋਂ ਵੱਧ)
12 2018-19 ਰੁਪਏ14,24,68,332/- (14 ਕਰੋੜ ਤੋਂ ਵੱਧ)
13 2019-20 ਰੁਪਏ 25,31,34,922/- (25 ਕਰੋੜ ਤੋਂ ਵੱਧ)
14 2020-21 ਰੁਪਏ 26,70,93,948/- (26.5 ਕਰੋੜ ਤੋਂ ਵੱਧ)
15 2021-22 (03.10.2021 ਤੱਕ) ਰੁਪਏ 14,62,73,450/- (14.5 ਕਰੋੜ ਤੋਂ ਵੱਧ)
15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖਰਚੇ ਢਾਈ ਅਰਬ
7 Views